ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਤਾਂ ਤੇਰੀਆਂ ਨੇ ਚੁੱਕਣੋਂ ਅਖ਼ੀਰ ਤੇਰਾ ਭਾਰ।
ਤੇਰਾ ਕੋਈ ਨਹੀਉਂ ਬੇਲੀ, ਤੇਰਾ ਕੋਈ ਨਹੀਉਂ ਯਾਰ।

ਬਿਨਾਂ ਗੋਡੀਆਂ ਤੋਂ ਡੋਡੀਆਂ ਨਾ ਫੁੱਲ ਪੱਤੀਆਂ,
ਏਦਾਂ ਬੈਠੇ ਬੈਠੇ ਆਉਣੀ ਨਹੀਓਂ ਵਿਹੜੇ 'ਚ ਬਹਾਰ।

ਪੱਤਝੜਾਂ ਪਿੱਛੋਂ ਫੁੱਟਦਾ ਹੁੰਗਾਰਾ ਰੋਜ਼ ਮਾਣ,
ਸੂਹੇ ਸੁਪਨੇ ਦੇ ਵਾਂਗ ਵੇਖ ਖਿੜਿਆ ਅਨਾਰ।

ਵੇਖ ਅੰਬਾਂ ਉੱਤੇ ਬੂਰ, ਚੜ੍ਹੇ ਚਿੱਤ ਨੂੰ ਸਰੂਰ,
ਸਾਂਭ ਅੰਬੀਆਂ ਨੂੰ ਟੁੱਕ ਦਏ ਨਾ ਤੋਤਿਆਂ ਦੀ ਡਾਰ।

ਤੇਰੇ ਮੁੱਕ ਚੱਲੇ ਪਾਣੀ, ਰੁੱਸੀ ਚਾਟੀ ਤੋਂ ਮਧਾਣੀ,
ਤੇਰੇ ਪੰਜ ਦਰਿਆਵਾਂ ਨੂੰ ਕੀ ਵਗ ਚੱਲੀ ਮਾਰ।

ਤੇਰੇ ਪੁੱਤਰਾਂ ਦੇ ਹੱਥੀਂ ਨਸ਼ੇ ਵੈਰੀਆਂ ਫੜਾਏ ,
ਕੁਲ ਨਾਸ਼ ਦੇ ਵਸੀਲੇ , ਨਿੱਤ ਨਵੇਂ ਹਥਿਆਰ।

ਮੋੜ ਵੈਰੀਆਂ ਦੇ ਹੱਲੇ, ਚੁੱਪ ਬੈਠਾ ਕਿਹੜੀ ਗੱਲੇ,
ਰਣ ਭੂਮੀ ਵਿਚ ਜਾ ਕੇ ਤੂੰ ਵੀ ਵੈਰੀ ਲਲਕਾਰ।

ਤੇਰੇ ਦੁਸ਼ਮਣਾਂ ਕੀਤਾ, ਭਾਵੇਂ ਆਪੋ ਵਿਚ ਏਕਾ,
ਇੱਕ ਵਾਰ ਤਾਂ ਵੰਗਾਰ, ਹੋਵੇ ਜਿੱਤ ਭਾਵੇਂ ਹਾਰ।

ਮਨ ਪਰਦੇਸੀ / 28