ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਰਜ ਨਾ, ਕਿਓਂ ਆਖਦੈਂ, ਬੱਚੇ, ਖਿਡੌਣੇ ਤੋੜ ਨਾ।
ਇਸ ਤਰ੍ਹਾਂ ਹੀ ਸਿੱਖਣੈਂ, ਇਨ੍ਹਾਂ ਨੇ ਸਭ ਕੁਝ ਜੋੜਨਾ।

ਬੁਝ ਗਈ ਏ ਲਾਟ ਤਾਂ ਤੂੰ ਤੇਲ ਬੱਤੀ ਸੀਖ ਫੇਰ,
ਦੀਵਿਆਂ ਤੇ ਕਿਉਂ ਖ਼ਫ਼ਾ ਏਂ, ਮਾਰ ਭੁੰਜੇ ਫੋੜ ਨਾ।

ਸ਼ਿਕਾਰੀ ਜਾਲ ਪਾਵੇਂ, ਵਿਚ ਪਿੰਜਰੇ ਚੋਗ ਵੀ,
ਮੈਂ ਪਰਿੰਦੇ ਨੂੰ ਸਿਖਾਵਾਂ, ਜਾਲ ਕਿੱਦਾਂ ਤੋੜਨਾ।

ਤੂੰ ਸਦਾ ਬਿਫ਼ਰੇ ਸਮੁੰਦਰ ਨਾਲ ਆਉਨੈਂ, ਮੌਤ ਵਾਂਗ,
ਜ਼ਿੰਦਗੀ ਮੈਨੂੰ ਸਿਖਾਇਐ, ਤੇਰੀ ਭਾਜੀ ਮੋੜਨਾ।

ਬਲ਼ ਰਹੀ ਚੁੱਲ੍ਹੇ 'ਚ ਭਾਵੇਂ, ਜਾਂ ਬਲੇ ਸ਼ਮਸ਼ਾਨ ਵਿਚ,
ਅਗਨ ਹੈ ਸੁੱਚੀ ਹਮੇਸ਼ਾਂ, ਅਰਥ ਇਸ ਦੇ ਤੋੜ ਨਾ।

ਜਕੜਿਆ ਕੁਰਸੀ ’ਚ ਬੰਦਾ, ਤਰਸਦੈ ਅੰਬਰ ਲਈ,
ਉੱਡਣੇ ਪੰਛੀ ਨੂੰ ਪੈਂਦੀ, ਪੌੜੀਆਂ ਦੀ ਲੋੜ ਨਾ।

ਸੱਚ ਦੀ ਹੱਟੀ ਤੋਂ ਸੌਦਾ ਲੈਣ ਵਾਲੇ ਤੁਰ ਗਏ ,
ਕੱਚ ਦੀ ਮੰਡੀ ’ਚ ਰੌਣਕ, ਗਾਹਕਾਂ ਦੀ ਥੋੜ ਨਾ।

ਠੀਕ ਹੈ ਗਹਿਰਾ ਗੰਭੀਰਾ ਜੀਣ ਦਾ ਅੰਦਾਜ਼, ਪਰ,
ਮੁਸਕਣੀ ਨੂੰ ਹੋਠਾਂ ਉੱਤੇ, ਆਉਣ ਤੋਂ ਤੂੰ ਹੋੜ ਨਾ।

ਮਨ ਪਰਦੇਸੀ / 29