ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੇ ਹੱਥ ਮੇਰੀ ਡੋਰ , ਰੱਖੀਂ ਖਿੱਚ ਕੇ ਤਣਾਵਾਂ।
ਮਤਾਂ ਅੰਬਰਾਂ 'ਚ ਉੱਡਦਾ ਜ਼ਮੀਨ ਭੁੱਲ ਜਾਵਾਂ।

ਤੇਰੇ ਸੰਗ ਸਾਥ ਉੱਡੂ -ਉੱਤੂੰ ਕਰੇ ਮੇਰਾ ਚਿੱਤ,
ਜੀਕੂੰ ਗੋਦੀ 'ਚ ਬਿਠਾ ਕੇ ਦੇਣ ਲੋਰੀਆਂ ਹਵਾਵਾਂ।

ਰਹੇ ਅੱਖਾਂ 'ਚ ਖੁਮਾਰ, ਤੇਰੇ ਸਾਥ ਦਾ ਸਰੂਰ,
ਮੈਨੂੰ ਇਸੇ ਗੱਲੋਂ ਜਾਪਦੈ ਜਵਾਨ ਹੁੰਦਾ ਜਾਵਾਂ।

ਜਦੋਂ ਅੱਧੀ-ਅੱਧੀ ਰਾਤੀਂ ਕਿਤੇ ਬੋਲਦੀ ਚਕੋਰ,
ਚਿੱਤ ਕਰੇ ਮੈਂ ਵੀ ਸੁੱਤੀ ਪਈ ਚਾਨਣੀ ਜਗਾਵਾਂ।

ਉਦੋਂ ਹੋ ਜੇ ਮੇਰੀ ਬੱਸ, ਹੋਵਾਂ ਵੱਸ ਤੋਂ ਬੇਵੱਸ,
ਜਦੋਂ ਫੜਿਆ ਨਾ ਜਾਵੇ ਮੈਥੋਂ ਤੇਰਾ ਪਰਛਾਵਾਂ।

ਦੇ ਦੇ ਇਕੋ ਧਰਵਾਸ, ਰੱਖੀਂ ਸਾਹਾਂ ’ਚ ਨਿਵਾਸ,
ਤੇਰੀ ਖੁਸ਼ਬੂ ਨੂੰ ਬਹੁਤ ਕਿਤੇ ਅੰਦਰ ਵਸਾਵਾਂ।

ਇਸ ਮੰਡੀ ਵਿਚ ਬਣਿਆ ਜੇ ਪਿਆਰ ਹੈ ਵਪਾਰ,
ਤੂੰ ਹੀ ਪੜਿਆ ਏ ਪਹਿਲੀ ਵਾਰੀ ਰੂਹ ਦਾ ਸਿਰਨਾਵਾਂ।

ਮਨ ਪਰਦੇਸੀ / 31