ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਖ ਤੇ ਅੱਥਰੂ ਜੀਕਣ 'ਕੱਠੇ, ਵੱਖਰੇ ਨਹੀਉਂ ਕਰ ਹੁੰਦੇ ਨੇ।
ਟਾਹਣੀ ਨਾਲੋਂ ਟੁੱਟੇ ਫੁੱਲ ਤੋਂ, ਸਦਮੇ ਵੀ ਨਾ ਜਰ ਹੁੰਦੇ ਨੇ।

ਤੂੰ ਮੇਰੀ ਉਂਗਲੀ ਨਾ ਛੱਡੀਂ, ਸਦਾ ਹੁੰਗਾਰਾ ਦੇਂਦਾ ਰਹੁ ਤੂੰ,
ਨੈਣਾਂ ਵਿਚਲੇ ਤਲਖ਼ ਸਮੁੰਦਰ, ਕੱਲਿਆਂ ਕਿੱਥੇ ਤਰ ਹੁੰਦੇ ਨੇ।

ਛੱਡ ਜਿਸਮਾਂ ਦੀ ਮਿੱਟੀ, ਆ ਕੇ ਰੂਹ ਦੇ ਨੇੜੇ ਬੈਠ ਜ਼ਰਾ ਤੂੰ,
ਕਿਲ੍ਹੇ ਮੁਹੱਬਤ ਵਾਲੇ ਸੱਜਣਾ, ਏਸ ਤਰ੍ਹਾਂ ਹੀ ਸਰ ਹੁੰਦੇ ਨੇ।

ਉੱਛਲ ਕੇ ਬਰਬਾਦ ਕਰੇਂ, ਦਰਿਆਵਾ! ਰੋੜ੍ਹੇਂ ਫ਼ਸਲਾਂ ਨੂੰ ਵੀ,
ਕੌਣ ਭਲਾ ਸਮਝਾਵੇ ਤੈਨੂੰ, ਮਿੱਟੀ ਦੇ ਵੀ ਘਰ ਹੁੰਦੇ ਨੇ।

ਬੜ੍ਹਕਾਂ ਮਾਰਨ ਵਾਲੇ ਬੰਦੇ, ਹੁੰਦੇ ਨਹੀਂ ਦਲੇਰ ਕਦੇ ਵੀ,
ਏਹੋ ਜਹੇ ਮਨ ਅੰਦਰ ਬੈਠੇ, ਵੰਨ ਸੁਵੰਨੇ ਡਰ ਹੁੰਦੇ ਨੇ।

ਹੱਕ ਸੱਚ ਤੇ ਇਨਸਾਫ਼ ਦੀ ਪਹਿਰੇਦਾਰੀ ਕਰਨਾ ਸਹਿਲ ਨਹੀਂ ਹੈ,
ਲੱਖ ਲੋਕਾਂ ਦੀ ਭੀੜ ਦੇ ਅੰਦਰ, ਵਿਰਲੇ ਬੰਦੇ ਨਰ ਹੁੰਦੇ ਨੇ।

ਤਨ ਦੀ ਸ਼ਕਤੀ, ਮਨ ਦਾ ਨਿਸ਼ਚਾ, ਤਰਦੈ ਸੱਤ ਸਮੁੰਦਰਾਂ ਨੂੰ ਵੀ,
ਪੈਰਾਂ ਥੱਲੇ ਧਰਤੀ ਹੋਵੇ, ਤਾਂ ਹੀ ਪੈਂਡੇ ਕਰ ਹੁੰਦੇ ਨੇ।

ਤੂੰ ਮੇਰੇ ਖੰਭਾਂ ਨੂੰ ਨੋਚੇਂ, ਸਮਝ ਲਵੇਂ ਮੈਂ ਹਾਰ ਗਿਆ ਹਾਂ,
ਅੰਬਰ ਤੀਕ ਉਡਾਰੀ ਭਰਦੇ, ਖ਼ਾਬਾਂ ਦੇ ਵੀ ਪਰ ਹੁੰਦੇ ਨੇ।

ਹੁਣ ਦੇ ਪਲ ਨੂੰ ਮਿੱਟੀ ਕਰਦੈਂ, ਕਾਹਲ਼ੀ ਨਾ ਕਰ ਬੈਠ ਜ਼ਰਾ ਤੂੰ,
ਏਸ ਤਰ੍ਹਾਂ ਦੇ ਘਾਟੇ ਬੀਬਾ, ਮਗਰੋਂ ਕਿੱਥੇ ਭਰ ਹੁੰਦੇ ਨੇ।

ਮਨ ਪਰਦੇਸੀ / 33