ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜੇ ਬੰਦੇ ਜਿੰਨਾ ਮਗਰੂਰ ਹੁੰਦੇ ਨੇ।
ਜ਼ਿੰਦਗੀ ਤੋਂ ਓਹੀ ਓਨਾ ਦੂਰ ਹੁੰਦੇ ਨੇ।

ਹਊਮੈਂ ਦੇ ਚੁਫ਼ੇਰ ਤੁਰੇ ਰਹਿਣ ਦਿਨ ਰਾਤ,
ਓਹੀ ਲੋਕੀਂ ਥੱਕ ਥੱਕ ਚੂਰ ਹੁੰਦੇ ਨੇ।

ਨੀਤੀ ਤੇ ਨਿਸ਼ਾਨਾ ਜੀਹਦਾ ਸ਼ੀਸ਼ੇ ਵਾਂਗ ਸਾਫ਼,
ਮੰਜ਼ਲਾਂ ਤੇ ਪਹੁੰਚਦੇ ਜ਼ਰੂਰ ਹੁੰਦੇ ਨੇ।

ਸੁਪਨੇ ਨੂੰ ਐਵੇਂ ਹੀ ਨਾ ਸਮਝੋ ਜਨਾਬ,
ਫ਼ਲੋਂ ਪਹਿਲਾਂ ਟਾਹਣੀਆਂ ਤੇ ਬੂਰ ਹੁੰਦੇ ਨੇ।

ਮਾਘ ਦੇ ਮਹੀਨੇ ਸੁੱਕੀ ਵੇਲ ਨਾ ਗਿਣੋ,
ਇਹਦੀ ਗੋਦੀ ਚੇਤਰੀਂ ਅੰਗੂਰ ਹੁੰਦੇ ਨੇ।

ਨੇਰ੍ਹੀਆਂ ਤੂਫ਼ਾਨਾਂ ’ਚ ਵੀ ਰਹਿੰਦੇ ਨੇ ਅਡੋਲ,
ਜਿਹੜੇ ਲੋਕੀਂ ਚਿੱਤੋਂ ਭਰਪੂਰ ਹੁੰਦੇ ਨੇ।

ਜਾਨ ਤੋਂ ਪਿਆਰੇ ਜਦੋਂ ਜਾਂਦੇ ਅੱਖਾਂ ਫੇਰ,
ਐਸੇ ਘਾਟੇ ਫੇਰ ਕਿੱਥੋਂ ਪੂਰ ਹੁੰਦੇ ਨੇ।

ਮਨ ਪਰਦੇਸੀ / 35