ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੜਨਾ ਹੁੰਦੈ ਸੌਖਾ ਯਾਰੋ, ਜੰਗਲ ਚਾਰ ਚੁਫ਼ੇਰੇ ਨਾਲ਼।
ਸਭ ਤੋਂ ਔਖਾ ਲੜਨਾ ਹੁੰਦੈ, ਆਪਣੇ ਮਨ ਦੇ ਨੇਰ੍ਹੇ ਨਾਲ਼।

ਆਪਣੇ ਨਾਲ ਵਿਚਾਰ ਕਦੇ ਮੈਂ, ਇੱਕ ਪਲ ਸਾਂਝਾ ਕੀਤਾ ਨਹੀਂ,
ਚੌਵੀ ਘੰਟੇ ਚੱਲਦਾ ਰਹਿੰਦਾ, ਸਾਰੀਆਂ ਚਾਲਾਂ ਤੇਰੇ ਨਾਲ਼।

ਆਪੇ ਚਾਰ ਦੀਵਾਰੀ ਘੜਦਾਂ, ਡਰ ਦਾ ਮਾਰਾ ਕੀ ਕਰਦਾਂ,
ਮਨ ਦਾ ਮਣਕਾ ਫਿਰਦਾ ਹੀ ਨਹੀਂ, ਲੱਖਾਂ ਮਾਲ਼ਾਂ ਫੇਰੇ ਨਾਲ਼।

ਸੁਪਨਾ ਦੁਨੀਆਂ ਜਿੱਤਣ ਦਾ ਪਰ ਇਕ ਨੁਕਤੇ ਤੇ ਸਿਮਟ ਗਿਆਂ,
ਲੜਨਾ ਭੁੱਲ ਗਿਆ ਸਾਂ ਪਹਿਲਾਂ ਅਣਦਿਸਦੇ ਜਹੇ ਘੇਰੇ ਨਾਲ਼!

ਆਰੀ ਤੇਜ਼, ਕੁਹਾੜਾ ਤਿੱਖਾ, ਸਭ ਨੀਅਤਾਂ ਬਦਨੀਤ ਕਿਓਂ,
ਸਭ ਰੁੱਖਾਂ ਨੇ ਕੱਠਿਆਂ ਹੋ ਕੇ, ਸ਼ਿਕਵਾ ਕੀਤਾ ਮੇਰੇ ਨਾਲ਼!

ਧਰਤੀ ਦੀ ਹਰਿਔਲ ਉਦਾਸੀ, ਸੁੱਕ ਰਹੇ ਬਿਰਖ਼ ਬਰੂਟੇ ਵੀ,
ਇਨ੍ਹਾਂ ਵਿਚ ਨਹੀਂ ਜਿੰਦ ਧੜਕਣੀ, ਫੋਕੇ ਹੰਝੂ ਕੇਰੇ ਨਾਲ਼।

ਉੱਠੋ! ਜਾਗੋ! ਨੀਂਦ ਤਿਆਗੋ, ਧਰਤੀ-ਪੁੱਤਰੋ ਕਰਮ ਕਰੋ,
ਮੰਜ਼ਿਲ ਤੇ ਵਿਸ਼ਵਾਸ ਪੁਚਾਵੇ, ਪਰ ਜੇ ਕਰੀਏ ਜੇਰੇ ਨਾਲ਼।

ਮਨ ਪਰਦੇਸੀ / 36