ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/37

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਨਾ ਰੰਗਾਂ ਦੀ ਗੁਲਾਮ ਮੇਰੇ ਮਿੱਤਰਾ ਓ, ਜ਼ਿੰਦਗੀ ਨਾ ਰੰਗਾਂ ਦੀ ਗੁਲਾਮ।
ਕਿਸੇ ਨੂੰ ਸਵੇਰ ਪਹਿਰ ਨੇਰ੍ਹ ਚੰਗਾ ਲੱਗਦਾ ਏ, ਕਿਸੇ ਨੂੰ ਸੰਧੂਰੀ ਹੋਈ ਸ਼ਾਮ।

ਕੱਚਿਆਂ ਬਨੇਰਿਆਂ ਨੂੰ ਪੋਚ ਪੋਚ ਰੱਖਦੇ ਹਾਂ, ਜਿਥੇ ਬਹਿੰਦੇ ਘੁੱਗੀਆਂ ਤੇ ਮੋਰ,
ਪੱਕਿਆਂ ਮਕਾਨਾਂ ਵਾਲੇ ਕੱਚ ਟੋਟੇ ਗੱਡਦੇ ਨੇ, ਪੰਛੀ ਨਾ ਕਰਨ ਆਰਾਮ।

ਚਿਹਰੇ ਨੂੰ ਸ਼ਿੰਗਾਰਦੇ ਹਾਂ, ਸ਼ੀਸ਼ੇ ਨੂੰ ਨਿਹਾਰਦੇ ਹਾਂ, ਦਿਨ ਵਿਚ ਕਈ-ਕਈ ਵਾਰ,
ਇਹਦੇ ਵਿਚੋਂ ਲੱਭਦੇ ਹਾਂ, ਗੁੰਮੇ ਹੋਏ ਮੁਹਾਂਦਰੇ ਨੂੰ, ਲੈ ਕੇ ਸਦਾ ਵੱਖ-ਵੱਖ ਨਾਮ।

ਜਿੰਨ੍ਹਾਂ ਕਦੇ ਜ਼ਿੰਦਗੀ 'ਚ ਨੇਰ੍ਹ ਕਦੇ ਵੇਖਿਆ ਨਾ, ਚੰਨ ਦੀ ਕੀ ਉਨ੍ਹਾਂ ਨੂੰ ਪਛਾਣ,
ਨੇਰ੍ਹੇ ਦੀ ਕਿਤਾਬ ਹੀ ਸਿਖਾਵੇ ਤੇ ਪੜ੍ਹਾਵੇ ਸਾਨੂੰ ਰਾਵਣਾਂ ਨੂੰ ਮਾਰੇ ਕਿਵੇਂ ਰਾਮ।

ਜ਼ਿੰਦਗੀ ਦੇ ਰਣ ਵਿਚ ਜੂਝਦੇ ਜੁਝਾਰ ਸਦਾ, ਸਦੀਆਂ ਦੀ ਰੀਤ ਨੂੰ ਤੂੰ ਜਾਣ,
ਮਨ ਵਾਲੀ ਨਗਰੀ 'ਚ ਚਾਨਣੇ ਦਾ ਵਾਸ ਰੱਖ, ਦੂਰੋਂ ਹੀ ਹਰ ਨੂੰ ਸਲਾਮ।

ਜਾਮਨੀ, ਗੁਲਾਬੀ, ਨੀਲੇ, ਪੀਲ਼ੇ ਤੇ ਬਲੰਭਰੀ ਜੋ, ਲਾਲੀ ਦਾ ਪਸਾਰ ਬੇਸ਼ੁਮਾਰ,
ਰੰਗਾਂ ਦੀ ਸਲਾਮਤੀ ਲਈ ਜਾਗੀਏ ਜਗਾਈਏ ਲੋਕ, ਹੋਏ ਪ੍ਰਮਾਣੂ ਬੇਲਗਾਮ।

ਮਨ ਪਰਦੇਸੀ /37