ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਿਰ ਹੋਇਆ ਏ ਬਾਪੂ ਜੀ ਤਾਂ ਤੁਰ ਗਏ ਲੰਮੀ ਵਾਟੇ ।
ਚੇਤੇ ਆ ਗਏ ਅੱਜ ਉਨ੍ਹਾਂ ਦੇ, ਪੈਰ ਬਿਆਈਆਂ ਪਾਟੇ ।

ਤੁਰਦੇ-ਤੁਰਦੇ ਤੁਰਦੇ ਭਾਵੇਂ, ਜਾਂਦੇ ਅੱਖੀਂ ਵੇਖੇ,
ਪਰ ਤੇਰੇ ਵਿਚ ਹਾਜ਼ਰ ਨਾਜ਼ਰ ਅੱਜ ਵੀ ਸੂਹੀ ਲਾਟੇ ।

ਘਰ ਤੋਂ ਮੰਜ਼ਿਲ ਤੀਕ ਪਹੁੰਚਦੇ, ਮਿਥਦੇ ਪਹਿਲਾਂ ਦਾਈਆ,
ਸੁਪਨੇ ਵਿਚ ਵੀ ਮੈਂ ਨਹੀਂ ਵੇਖੇ, ਖੜ੍ਹੇ ਕਿਤੇ ਅਧਵਾਟੇ ।

ਰਿਸ਼ਤੇ ਦੀ ਪਾਕੀਜ਼ ਡੋਰ ਨੂੰ, ਧਰਮ ਦੇ ਵਾਂਗੂੰ ਫੜਦੇ,
ਮਰਦੇ ਦਮ ਤੱਕ ਡਿੱਠੇ ਹੀ ਨਹੀਂ, ਗਿਣਦੇ ਵਾਧੇ ਘਾਟੇ ।

ਅਨਪੜ੍ਹ ਸੀ, ਪਰ ਸਦਾ ਆਖਦੇ ਤੇ ਸਮਝਾਉਂਦੇ ਸਾਨੂੰ,
ਢਿੱਡੋਂ ਇਕ ਨੇ, ਕੁਰਸੀਆਂ ਵਾਲੇ, ਟਾਟੇ ਬਿਰਲੇ ਬਾਟੇ ।

ਨਿਰਭਉ ਤੇ ਨਿਰਵੈਰ ਜਿਸਮ ਵਿਚ ਰਹਿੰਦਾ ਰੱਬ ਸੀ ਓਹੀ,
ਕਾਲ ਮੁਕਤ ਸਮਕਾਲੀ ਬਾਬਲ, ਅੱਜ ਵੀ ਬੰਧਨ ਕਾਟੇ ।

ਅਸਲ ਨਸ਼ਾ ਤਾਂ ਕਿਰਤ ਕਮਾਈ, ਜਾਗਿਓ, ਰਾਖੀ ਕਰਿਉ,
ਚਾਤਰ ਸ਼ਾਤਰ ਬੜਾ ਚਾਹੁਣਗੇ, ਲਾਉਣਾ ਪੁੱਠੀ ਚਾਟੇ ।

ਧਰਤੀ ਧਰਮ ਨਿਭਾਉਣਾ ਦੱਸਿਆ ਤੇ ਏਦਾਂ ਸਮਝਾਇਆ,
ਮਰਿਆਦਾ ਦੀ ਸ਼ਕਤੀ ਸਾਂਭੋ, ਰੱਖ ਕੇ ਸਿੱਧੇ ਗਾਟੇ ।

ਅਣਖ਼ ਦੀ ਰੋਟੀ ਸਦਾ ਕਮਾਇਓ, ਮੇਰੇ ਬਰਖ਼ੁਰਦਾਰੋ,
ਪੈਸੇ ਦੇ ਪੁੱਤ ਕਰਨ ਹਕੂਮਤ, ਖੇਡਣ ਝੂਟੇ ਮਾਟੇ ।

ਮਨ ਪਰਦੇਸੀ /40