ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਿੰਮਤ ਕਰੋ, ਜੀਵਨ ਨਿਭੇ ਕਿਰਦਾਰ ਵਾਂਗਰਾਂ ।
ਬੈਠੋ ਨਾ ਢਾਹ ਕੇ ਢੇਰੀਆਂ, ਮੁਰਦਾਰ ਵਾਂਗਰਾਂ ।

ਹੌਕੇ ਤੇ ਪੀੜਾਂ ਮਨ ਦੀਆਂ, ਹੰਝੂ ਵੀ ਨੇਤਰੀਂ,
ਫਿਰਦੇ ਨੇ ਭੇਸ ਬਦਲ ਕੇ, ਦਿਲਦਾਰ ਵਾਂਗਰਾਂ ।

ਸੁਪਨੇ, ਆਦਰਸ਼, ਵਲਵਲੇ, ਨਵੀਆਂ ਚੁਣੌਤੀਆਂ,
ਵੱਸਣ ਇਹ ਮੇਰੇ ਨਾਲ ਹੀ ਪਰਿਵਾਰ ਵਾਂਗਰਾਂ ।

ਇਸ ਨੂੰ ਤੂੰ ਵਾਚ, ਪੜ੍ਹ ਕਦੇ, ਸਾਹਾਂ 'ਚ ਸਾਂਭ ਲੈ,
ਵੇਦਨ ਨਹੀਂ ਹੁੰਦੀ ਕਦੇ ਵੀ ਅਖ਼ਬਾਰ ਵਾਂਗਰਾਂ ।

ਬਾਬਰ ਦੀ ਨਸਲ ਫੈਲ ਗਈ ਸਾਰੇ ਗਲੋਬ ਤੇ,
ਕਰਦੇ ਨੇ ਜਬਰ ਜ਼ੁਲਮ ਜੋ, ਅਧਿਕਾਰ ਵਾਂਗਰਾਂ ।

ਠੋਕਰ ਹਰੇਕ ਕਦਮ 'ਤੇ ਲੱਗਦੀ ਹੈ ਇਸ ਲਈ,
ਨੀਤੀ ਨਾ ਨੀਅਤ ਸਾਫ਼ ਹੈ, ਸਰਕਾਰ ਵਾਂਗਰਾਂ ।

ਏਨਾ ਵੀ ਕੁਰਸੀ ਨਾਲ ਨਾ ਜੁੜ ਕੇ ਰਿਹਾ ਕਰੋ,
ਬੈਠੇ ਹੋ ਅਪਣੇ ਘਰ 'ਚ ਵੀ ਦਰਬਾਰ ਵਾਂਗਰਾਂ.

ਫ਼ਰਜ਼ਾਂ ਨੂੰ ਗਰਜ਼ ਵਾਸਤੇ ਕੁਰਬਾਨ ਨਾ ਕਰੋ,
ਜੀਵਨ ਤੁਰੇਗਾ ਆਪ ਹੀ ਖ਼ੁਦਦਾਰ ਵਾਂਗਰਾਂ ।

ਸਾਹਾਂ ਦੀ ਪੂੰਜੀ ਖ਼ਰਚ ਲਓ ਦੂਜੇ ਲਈ ਜਨਾਬ,
ਜਾਪੂ ਕਦੇ ਨਾ ਜ਼ਿੰਦਗੀ ਇਹ ਭਾਰ ਵਾਂਗਰਾਂ ।

ਮਨ ਪਰਦੇਸੀ /41