ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮਨ ਦੇ ਅੰਦਰ ਖ਼ਲਬਲੀ ਹੈ, ਬੋਲਦਾ ਕੋਈ ਨਹੀਂ।
ਸਭ ਗੁਆਚੇ ਫਿਰ ਰਹੇ ਨੇ, ਟੋਲਦਾ ਕੋਈ ਨਹੀਂ।
ਕਾਫ਼ਲੇ ਦੇ ਲੋਕ ਸਾਰੇ, ਦੂਰ ਮੈਥੋਂ ਦੂਰ ਨੇ,
ਹੈ ਅਜਬ ਬੇਗਾਨਗੀ ਰੂਹ ਕੋਲ ਦਾ ਕੋਈ ਨਹੀਂ।
ਗੁੰਝਲਾਂ ਮਾਹੌਲ ਅੰਦਰ, ਪਿਲਚੀਆਂ ਨੇ ਆਂਦਰਾਂ,
ਪੀੜ ਦਿਲ ਦੀ ਕੋਲ ਬਹਿ ਕੇ ਫ਼ੋਲਦਾ ਕੋਈ ਨਹੀਂ।
ਰੰਗ ਨੇ ਡੱਬੀਆਂ 'ਚ ਕੈਦੀ, ਹੋਲੀਆਂ ਖ਼ਾਮੋਸ਼ ਨੇ,
ਸਹਿਮੀਆਂ ਪੌਣਾਂ 'ਚ ਮਹਿਕਾਂ ਘੋਲਦਾ ਕੋਈ ਨਹੀਂ।
ਮੋਰ ਦੇ ਪੈਰਾਂ 'ਚ ਡੋਰਾਂ, ਖੰਭ ਵੀ ਕਤਰੇ ਪਏ,
ਡਸਕਦੇ ਹਮਦਰਦ, ਐਪਰ ਖੋਲ੍ਹਦਾ ਕੋਈ ਨਹੀਂ।
ਦੇਸ਼ ਮੇਰੇ ਨੂੰ ਲਿਆਕਤ ਦੀ ਕਦਰਦਾਨੀ ਨਹੀਂ,
ਏਸ ਵਾਂਗੂੰ ਅਕਲ ਨੂੰ ਤਾਂ ਰੋਲ਼ਦਾ ਕੋਈ ਨਹੀਂ।
ਜਗ ਰਹੇ ਵਿਸ਼ਵਾਸ ਦੇ ਦੀਵੇ, ਹਨ੍ਹੇਰੀ ਤੇਜ਼ ਹੈ,
ਵੇਖ ਤੂੰ ਸਾਡੇ ਵੀ ਜ਼ੇਰੇ, ਡੋਲਦਾ ਕੋਈ ਨਹੀਂ।
ਮਨ ਪਰਦੇਸੀ /42