ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਵਿਧੀ ਤੇ ਵਿਧਾਨ ਜਾਣ ਬੰਦੇ ਪਿੱਛੇ ਲੱਗ।
ਉਦੋਂ ਚੰਗਾ ਭਲਾ ਦੇਸ਼ ਬਣੇ ਪਸ਼ੂਆਂ ਦਾ ਵੱਗ।

ਜਿਹੜੇ ਸਿੱਧਾਂ ਨੇ ਸੁਧਾਰਨੀ ਸੀ ਜ਼ਿੰਦਗੀ ਦੀ ਤੋਰ,
ਉਨ੍ਹਾਂ ਲਾ ਲਈ ਏ ਸਮਾਧੀ, ਦੀਨ ਦੁਨੀ ਤੋਂ ਅਲੱਗ।

ਮੇਰੀ ਅੱਖ ਵਿਚ ਅੱਥਰੂ, ਸਮੁੰਦਰਾਂ ਦੇ ਬੱਚੇ,
ਵੇਖ ਕਿੰਨੇ ਨੇ ਅਸੀਲ, ਕਦੇ ਛੱਡਦੇ ਨਾ ਝੱਗ।

ਜਦੋਂ ਚੜ੍ਹਦੀ ਜਵਾਨੀ ਜਾਣ ਲਵੇ ਸਹੀ ਰਾਹ,
ਉਦੋਂ ਧੀਆਂ ਪੁੱਤ ਸਾਂਭ ਲੈਂਦੇ ਬਾਬਲੇ ਦੀ ਪੱਗ।

ਜਿਹੜੀ ਹਿੱਕ ਵਿਚ ਬਲੇ, ਓਹੀ ਬਣਦੀ ਜਵਾਲਾ,
ਨਾ ਇਹ ਸਿਵਿਆਂ 'ਚ ਬਲ਼ੇ, ਨਾ ਹੀ ਚੁੱਲ੍ਹੇ ਵਾਲੀ ਅੱਗ।

ਸਾਨੂੰ ਹੁਕਮਾਂ ਹਕੂਮਤਾਂ ਨੇ ਇਹੀ ਸਮਝਾਇਆ,
ਅੰਨ੍ਹੇ ਗੂੰਗੇ ਬੋਲੇ ਲੋਕ ਹੁੰਦੇ ਬੜੇ ਹੀ ਸੁਲੱਗ।

ਜਿੰਨ੍ਹਾਂ ਮੱਥਿਆਂ 'ਚ ਜਾਗ ਪਵੇ "ਬਾਬੇ" ਵਾਲੀ ਅੱਖ,
ਉਹ ਤਾਂ ਲੈਂਦੇ ਨੇ ਪਛਾਣ, ਝੂਠੇ ਸੱਜਣਾਂ 'ਚੋਂ ਠੱਗ।

ਮਨ ਪਰਦੇਸੀ /44