ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅੰਬਰਾਂ ਨੂੰ ਉਡਾਰੀ ਭਰਨ ਲਈ, ਅੱਖੀਆਂ 'ਚੋਂ ਨੀਂਦਰ ਟਾਲ਼ ਦਿਉ।
ਪੌਣਾਂ ਦੇ ਪੈਰੀਂ ਝਾਂਜਰ ਪਾ, ਧੜਕਣ ਨੂੰ ਸੁਰ ਤੇ ਤਾਲ ਦਿਉ।
ਜੇ ਮਨ ਮੰਦਿਰ ਦੀ ਬਸਤੀ ਵਿਚ ਨੇਰ੍ਹੇ ਦਾ ਵਾਸ ਰਿਹਾ ਏਦਾਂ,
ਰੂਹ ਵਾਲਾ ਚੰਬਾ ਖਿੜਨਾ ਨਹੀਂ, ਕਿਰਨਾਂ ਲਈ ਸੂਰਜ ਬਾਲ਼ ਦਿਉ।
ਅਣਦਿਸਦੀ ਚਾਰ ਦੀਵਾਰੀ ਵਿਚ, ਮੈਂ ਆਪੇ ਘਿਰਿਆ ਕੈਦੀ ਹਾਂ,
ਮੇਰੇ ਤੋਂ ਮੈਨੂੰ ਮੁਕਤ ਕਰੋ, ਉਇ ਸੱਜਣੋ ਮਿੱਤਰੋ ਨਾਲ ਦਿਉ।
ਜੇ ਚਾਹੋ ਬਰਕਤ ਘਰ ਆਵੇ, ਹਰਕਤ ਵੀ ਹਿੰਮਤ ਨਾਲ ਕਰੋ,
ਮੱਥੇ ਵਿੱਚ ਜੋਤ ਜਗਾਉ ਫਿਰ, ਪੈਰਾਂ ਨੂੰ ਸੁਜਾਖੀ ਚਾਲ ਦਿਉ।
ਇਹ ਜ਼ੋਰ ਜਵਾਨੀ ਮੁੜ ਮੁੜ ਕੇ, ਬੂਹੇ ਤੇ ਦਸਤਕ ਨਹੀਂ ਦੇਂਦੇ,
ਹੁਣ ਤੇਲ ਬਰੂਹੀਂ ਸ਼ਗਨਾਂ ਦਾ, ਖ਼ੁਦ ਅਪਣੇ ਹੱਥੀਂ ਢਾਲ ਦਿਉ।
ਬੰਦੇ 'ਚੋਂ ਬੰਦਾ ਦਿਸਦਾ ਨਹੀਂ, ਇਹ ਸ਼ਿਕਵਾ ਬਹੁਤ ਪੁਰਾਣਾ ਹੈ,
ਆਪੇ 'ਚੋਂ ਖੁਦ ਨੂੰ ਢੂੰਡ ਲਵੋ, ਰੱਬ ਪੱਥਰਾਂ ਅੰਦਰੋਂ ਭਾਲ਼ਦਿਉ।
ਵੱਡਿਆਂ ਦੀਆਂ ਪੈੜਾਂ ਨਾਪਦਿਆਂ, ਮੈਂ ਏਥੋਂ ਤੀਕਰ ਆਇਆ ਹਾਂ,
ਤੁਰਦੇ ਰਹੋ ਸਫ਼ਰ ਨਿਰੰਤਰ ਤੇ, ਓਇ ਰਾਹੀਓ ਪਿਛਲੀ ਪਾਲ਼ ਦਿਉ।
ਮਨ ਪਰਦੇਸੀ / 45