ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਰਦ ਸੁੱਤਾ ਜਦ ਕਦੇ ਵੀ ਜਾਗਦਾ ਹੈ ।
ਚੁੱਪ ਰਹਿ ਕੇ ਵੀ ਬੜਾ ਕੁਝ ਆਖਦਾ ਹੈ ।

ਧਰਤੀਆਂ ਆਕਾਸ਼ ਸਾਗਰ ਬੋਲ ਰਹੇ ਨੇ,
ਫੇਰ ਵੀ ਹਾਲੇ ਬੜਾ ਕੁਝ ਅਣ-ਕਿਹਾ ਹੈ ।

ਮੇਘਲਾ ਬਰਸਾਤ ਮੰਗਣ ਧਰਤ ਵਾਲੇ,
ਬੱਦਲੀਆਂ ਦੇ ਦਰਦ ਨੂੰ ਕਿਸ ਗੌਲ਼ਿਆ ਹੈ ।

ਜਿਸਮ ਦੀ ਕਰਤੂਤ ਵੇਖੋ, ਆਪ ਜਿਸਨੇ,
ਅੱਜ ਤੀਕਰ ਰੂਹ 'ਚ ਨਾ ਮੁੜ ਝਾਕਿਆ ਹੈ ।

ਤੂੰ ਮੇਰੇ ਸਾਹਾਂ 'ਚ ਬਰਸੇਂ ਪਿਆਸ ਬਣ ਕੇ,
ਰੂਹ 'ਚ ਕਿਣਮਿਣ ਕਰਨ ਤੋਂ ਕਿਸ ਵਰਜਿਆ ਹੈ ।

ਮੈਂ ਵੀ ਓਸੇ ਮਿਰਗ ਦੀ ਜੂਨੇ ਪਿਆ ਹਾਂ,
ਜਿਸ ਦੀ ਖੁਸ਼ਬੂ, ਜ਼ਿੰਦਗੀ ਚੋਂ ਲਾਪਤਾ ਹੈ ।

ਪਰਤਣਾ ਪੈਂਦਾ ਹੈ ਆਖ਼ਰ ਧਰਤ ਉੱਤੇ,
ਬਹੁਤ ਉੱਚਾ ਉੱਡ ਕੇ ਵੀ ਵੇਖਿਆ ਹੈ ।

ਤੂੰ ਮੇਰੇ ਵਿਸ਼ਵਾਸ ਨੂੰ ਠੋਕਰ ਜੇ ਮਾਰੀ,
ਸਮਝ ਲਈਂ ਮੇਰੀ ਸਦੀਵੀ ਅਲਵਿਦਾ ਹੈ ।

ਦਰਦ ਕੱਲ੍ਹੇ ਹੋਣ ਦਾ, ਮੈਂ ਕੀਹ ਸੁਣਾਵਾਂ,
ਸਿਖ਼ਰਲੀ ਟੀਸੀ ਤੇ ਉੱਗ ਦੇ ਵੇਖਿਆ ਹੈ ।

ਮਨ ਪਰਦੇਸੀ / 46