ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਗ ਰਹੇ ਦਰਿਆ 'ਚ ਸੂਰਜ ਸ਼ਾਮ ਵੇਲੇ ਲਹਿ ਗਿਆ ।
ਲਾਲਗੀ ਕੁਝ ਚਿਰ ਦਿਸੀ, ਫਿਰ ਉਹ ਵੀ ਮੰਜ਼ਰ ਵਹਿ ਗਿਆ ।

ਮੈਂ ਖਲੋਤਾ ਰਾਤ ਸਾਰੀ, ਰਹਿ ਗਿਆ ਇਸ ਬੋਲ ਤੇ,
ਮੈਂ ਮੁੜਾਂਗਾ, ਕੱਲ੍ਹ ਸਵੇਰੇ, ਜਾਣ ਵਾਲਾ ਕਹਿ ਗਿਆ ।

ਨਾ ਕਿਤੇ ਅਸਮਾਨ ਤੰਬੂ ਵਾਂਗ ਹੇਠਾਂ ਆ ਪਵੇ,
ਮੇਰੀ ਰੂਹ ਅੰਦਰ ਕਿਤੇ, ਡੂੰਘਾ ਜਿਹਾ ਡਰ ਛਹਿ ਗਿਆ ।

ਮਹਿਕ ਭਿੱਜੀ ਪੌਣ ਸੀ ਜਾਂ ਰੱਬ ਜਾਣੇ ਕੌਣ ਸੀ,
ਸੁੰਘਿਆ, ਮਹਿਸੂਸਿਆ ਮੈਂ ਉਸ ਜਗ੍ਹਾ ਹੀ ਬਹਿ ਗਿਆ ।

ਰਾਤ ਭਰ ਸੁਪਨੇ 'ਚ ਵੱਸਿਆ, ਦਿਨ ਚੜ੍ਹੇ ਤੇ ਤੁਰ ਗਿਆ,
ਇਤਰ ਦਾ ਤੂੰਬਾ ਜਿਵੇਂ ਧੜਕਣ ਮਿਰੀ ਨੂੰ ਖਹਿ ਗਿਆ ।

ਠੋਕਰਾਂ ਦਰ ਠੋਕਰਾਂ ਖਾ ਕੇ ਵੀ ਸਾਬਤ ਹੈ ਅਜੇ,
ਭਰਮ-ਭਾਂਡਾ ਕਾਇਮ ਤੇਰੇ ਕਰਮ ਕਰਕੇ ਰਹਿ ਗਿਆ ।

ਧਰਮ ਨੂੰ ਬਾਜ਼ਾਰ ਵਿਚ ਵਿਕਦਾ ਮੈਂ ਅੱਖੀਂ ਵੇਖਿਐ,
ਤੂੰ ਭੁਲੇਖਾ ਪਾਲ ਭਾਵੇਂ, ਮੇਰੇ ਮਨ ਤੋਂ ਲਹਿ ਗਿਆ ।

ਮਨ ਪਰਦੇਸੀ / 48