ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤੈਨੂੰ ਜੇ ਦਸਤਾਰ ਵੀ ਸਿਰ ਤੇ ਭਾਰੀ ਹੈ।
ਸਮਝ, ਪ੍ਰਾਹਣੀ ਫਿਰ ਤੇਰੀ ਸਰਦਾਰੀ ਹੈ।
ਜੇ ਤੇਰਾ ਮੁੰਹ ਦੁਖੇ ਪੰਜਾਬੀ ਬੋਲਦਿਆਂ,
ਸਮਝੀ ਤੇਰੀ ਜੜ੍ਹ ਤੇ ਫਿਰਦੀ ਆਰੀ ਹੈ।
ਧਰਤੀ ਦੀ ਮਰਿਆਦਾ ਕੌਣ ਸੰਭਾਲੇਗਾ,
ਧੀਆਂ ਪੁੱਤਰਾਂ ਦੀ ਇਹ ਜ਼ਿੰਮੇਵਾਰੀ ਹੈ।
ਬੋਲ ਸਲਾਮਤ ਰੱਖੀਂ, ਜੇ ਤੂੰ ਜੀਣਾ ਏਂ,
ਨਿਰਸ਼ਬਦਾਂ ਦਾ ਜੀਵਨ ਵੀ ਕਿਸ ਕਾਰੀ ਹੈ।
ਨਾਨਕ, ਬੁੱਲ੍ਹਾ, ਵਾਰਿਸ, ਬਾਹੁ ਜਾਂ ਫਿਰ ਕੌਣ?
ਮੈਨੂੰ ਪਿੱਛੋਂ, 'ਵਾਜ਼ ਕਿਸੇ ਨੇ ਮਾਰੀ ਹੈ।
ਗਰਦਨ ਸਿੱਧੀ ਰੱਖਣਾ ਕੋਈ ਸਹਿਲ ਨਹੀਂ,
ਤੂੰ ਕੀਹ ਜਾਣੇ, ਕਿੰਨੀ ਕੀਮਤ ਤਾਰੀ ਹੈ।
ਸੀਸ ਤਲੀ ਤੇ, ਧਰਦੇ ਲੋਕੀਂ ਮੁੱਕੇ ਨਹੀਂ,
ਸਫ਼ਰ ਨਿਰੰਤਰ ਹਾਲੇ ਤੱਕ ਵੀ ਜਾਰੀ ਹੈ।
'ਊੜਾ ਐੜਾ' ਦੁਨੀਆਂ ਅੰਦਰ ਰੁਲ ਚੱਲਿਆ,
ਏ ਬੀ ਸੀ ਦੀ ਹੁਕਮਰਾਨ ਸੰਗ ਯਾਰੀ ਹੈ।
ਸੰਗਲੀ ਬੱਧਾ ਸ਼ੇਰ, ਕਤੂਰਾ ਬਣ ਬੈਠਾ,
ਸੱਚ ਪੁੱਛੋ ਤਾਂ ਲਾਅਣਤ ਦਾ ਅਧਿਕਾਰੀ ਹੈ।
ਮਨ ਪਰਦੇਸੀ / 50