ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਜ਼ਿੰਦਗੀ ਦਾ ਹੱਕ ਖੋਹਵਣ ਵਾਲੇ, ਬੋਲਣ ਦਾ ਹੱਕ ਮੰਗ ਰਹੇ ਨੇ ।
ਜਦ ਜੀਅ ਚਾਹੇ, ਜਿਉਂ ਜੀਅ ਚਾਹੇ, ਵਕਤ ਨੂੰ ਸੂਲੀ ਟੰਗ ਰਹੇ ਨੇ ।

ਸੱਥਰ ਵਿਛਦੇ ਵੇਖ, ਬਾਘੀਆਂ ਪਾਉਂਦੇ ਪਾਉਂਦੇ, ਇਹ ਕੀ ਹੋਇਆ,
ਆਪਣੀ ਵਾਰੀ ਮਿੱਟੀ ਹੋ ਗਏ, ਹੁਣ ਕਿਉਂ ਮਰਨੋਂ ਸੰਗ ਰਹੇ ਨੇ ।

ਸ਼ਬਦਾਂ ਓਹਲੇ ਲੁਕਣ ਮਚਾਈਆਂ, ਖੇਡਣ ਵਾਲੇ ਖੇਖਣਹਾਰੇ,
ਥੋੜ੍ਹੇ ਬਹੁਤੇ ਫ਼ਰਕ ਨਾਲ ਸਭ ਹਥਿਆਰਾਂ ਦਾ ਅੰਗ ਰਹੇ ਨੇ ।

ਸ਼ਾਸਤਰਾਂ ਨੂੰ ਪਿੱਛੇ ਕਰਕੇ, ਸੀਸ ਵਿਹੂਣਾ ਕਰਦੇ ਸਾਨੂੰ,
ਸ਼ਸਤਰ ਨੂੰ ਹੀ ਪੂਜੋ, ਲੁਕਵੇਂ ਹਰ ਵੈਰੀ ਦੇ ਢੰਗ ਰਹੇ ਨੇ ।

ਸੱਜੇ ਹੱਥ ਤੋਂ ਚੋਰੀ ਚੋਰੀ, ਖੱਬਾ ਹੱਥ ਭਲਾ ਕੀਹ ਕਰਦਾ?
ਵਕਤ ਗੁਆ ਕੇ ਅਕਲਾਂ ਵਾਲੇ, ਹੁਣ ਕਿਉਂ ਏਨੇ ਦੰਗ ਰਹੇ ਨੇ ।

ਚਿੱਟਾ ਪਰਚਮ ਹੱਥੀਂ ਲੈ ਕੇ, ਅਮਨ ਕੂਕਦੇ ਫਿਰਦੇ ਟੋਲੇ,
ਸਾਡਾ ਖ਼ੂਨ ਕਸ਼ੀਦ ਕੇ ਸਾਨੂੰ, ਆਪਣੇ ਰੰਗ ਵਿਚ ਰੰਗ ਰਹੇ ਨੇ ।

ਨਾ ਬਾਬਰ ਹੁਣ ਕਾਬਲੋਂ ਆਵੇ, ਨਾ ਹੀ ਲਸ਼ਕਰ ਯੁੱਧ ਮਚਾਵੇ,
ਰੂਹਾਂ ਉੱਪਰ ਕਬਜ਼ਾ ਕਰਕੇ, ਹੁਣ ਤਾਂ ਜਾਬਰ ਡੰਗ ਰਹੇ ਨੇ ।

ਮਨ ਪਰਦੇਸੀ / 51