ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪੂਰਨ ਪੁੱਤ ਪਰਦੇਸੀਂ ਜਦ ਵੀ ਕਰਨ ਕਮਾਈਆਂ ਤੁਰ ਜਾਂਦੇ ਨੇ।
ਕੱਚੇ ਕੋਠੇ ਸਣੇ ਬਨੇਰੇ, ਭੁਰਦੇ ਭੁਰਦੇ ਭੁਰ ਜਾਂਦੇ ਨੇ।
ਘਰ ਦਾ ਨਾਂ ਤਾਂ ‘ਰੈਣ ਬਸੇਰਾ' ਰੱਖ ਲਿਆ ਸੀ ਵੇਖਾ ਵੇਖੀ,
ਯਾਦ ਨਹੀਂ ਸੀ ਸਗਲ ਮੁਸਾਫ਼ਿਰ, ਰਾਤਾਂ ਕੱਟ ਕੇ ਤੁਰ ਜਾਂਦੇ ਨੇ।
ਰਾਤੀਂ ਅੰਬਰ ਤੇ ਚੰਨ ਚੜ੍ਹਿਆ, ਤਾਰੇ ਲਿਸ਼ਕੇ, ਚਲੇ ਗਏ ਨੇ,
ਠੋਸ ਹਕੀਕਤ ਪੱਲੇ ਪਾ ਕੇ, ਕੱਚੇ ਸੁਪਨੇ ਖੁਰ ਜਾਂਦੇ ਨੇ।
ਧਰਤ ਸਮੁੰਦਰ, ਅੰਬਰ ਗਾਵੇ, ਜਿੰਦ ਸਾਹਵਾਂ ਵਿਚ ਘੁਲਦੀ ਜਾਵੇ,
ਕਣ ਕਣ ਵਿਚ ਖੁਸ਼ਬੋਈ ਦੇ ਸੰਗ, ਸ਼ਬਦ ਸਰੂਰੇ ਸੁਰ ਜਾਂਦੇ ਨੇ।
ਧਰਤ ਤਪੰਦੜੀ ਕਣੀਆਂ ਲੋੜੇ, ਸ਼ਾਇਰ ਹੈਂ ਤੂੰ ਖੁੱਲ੍ਹ ਕੇ ਵਰ੍ਹ ਜਾ,
ਬੋਲ ਇਲਾਹੀ ਵੇਖੀਂ ਕਿੱਦਾਂ, ਰੂਹ ਦੇ ਅੰਦਰ ਧੁਰ ਜਾਂਦੇ ਨੇ।
ਵਕਤ ਬੜਾ ਹੀ ਜ਼ਾਲਮ ਸਾਈਂ, ਸਭ ਪਹਿਚਾਣੇ ਅਸਲੀ ਨਕਲੀ,
ਬਿਰਖ਼ ਸਲਾਮਤ ਰਹਿੰਦਾ, ਸਾਏ ਨੇਰ੍ਹੇ ਦੇ ਵਿਚ ਖੁਰ ਜਾਂਦੇ ਨੇ।
ਜੇ ਧਰਤੀ ਦੇ ਨੇੜੇ ਰਹੀਏ, ਵਣ ਤ੍ਰਿਣ ਨਾਲ ਦੋਸਤੀ ਰੱਖੀਏ,
ਤੁਰਦੇ ਫਿਰਦੇ, ਗ਼ਜ਼ਲਾਂ ਵਰਗੇ, ਕਿੰਨੇ ਫੁਰਨੇ ਫੁਰ ਜਾਂਦੇ ਨੇ।
ਮਨ ਪਰਦੇਸੀ / 52