ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ ।
ਸੱਚੀਂ ਅੜੇ ਥੁੜੇ ਵੇਲੇ ਸਾਨੂੰ ਬੜਾ ਕੰਮ ਆਇਆ ।

ਆਡਾਂ ਬੰਨਿਆਂ ਤੇ ਦੌੜਦੇ ਨਾ ਕਦੇ ਅਸੀਂ ਡਿੱਗੇ,
ਸੰਗਮਰਮਰ ਉੱਤੇ ਸਾਨੂੰ ਤੁਰਨਾ ਨਾ ਆਇਆ ।

ਤੈਨੂੰ ਘੇਰਨੈਂ ਮੁਸੀਬਤਾਂ ਨੇ ਹੋਵੀਂ ਨਾ ਉਦਾਸ,
ਮੈਨੂੰ ਤਲਖ਼ ਹਕੀਕਤਾਂ ਨੇ ਇਹੀ ਏ ਸਿਖਾਇਆ ।

ਖ਼ੁਦ ਬਣਨਾ ਪਿਆ ਤਾਂ ਪੁੱਤ ਬਣੀਂ ਸਦਾ ਰੁੱਖ,
ਮੇਰੇ ਮਾਪਿਆਂ ਨੇ ਮੈਨੂੰ ਸਦਾ ਏਹੀ ਸਮਝਾਇਆ ।

ਮੇਰੀ ਰੂਹ ਵਿਚ ਜੀਣ ਸਦਾ ਧੀਆਂ ਤੇ ਧਰੇਕਾਂ,
ਏਸੇ ਕਰਕੇ ਮੈਂ ਚਿੜੀਆਂ ਨੂੰ ਕਦੇ ਨਹੀਂ ਉਡਾਇਆ ।

ਜਦੋਂ ਮੁੱਕ ਜਾਵੇ ਜ਼ਿੰਦਗੀ ਦੇ ਦੀਵੇ ਵਿਚੋਂ ਤੇਲ,
ਬੱਤੀ ਆਂਦਰਾਂ ਦੀ ਬਾਲ਼, ਸਾਡੀ ਰੱਤ ਨੇ ਜਗਾਇਆ ।

ਮੇਰੇ ਮੋਢਿਆਂ 'ਤੇ ਚੜ੍ਹ ਕੇ ਜੇ ਬੌਣੇ ਖ਼ੁਸ਼ ਹੋਏ,
ਮੇਰਾ ਮਿੱਟੀ ਦਾ ਵਜੂਦ, ਚਲੋ ! ਕਿਸੇ ਕੰਮ ਆਇਆ ।