ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮਨ ਦਾ ਬਗੀਚਾ ਭਰਪੂਰ ਜਿਹਾ ਰਹਿੰਦਾ ਏ।
ਅੱਖੀਆਂ ’ਚ ਤਾਹੀਓਂ ਹੀ ਸਰੂਰ ਜਿਹਾ ਰਹਿੰਦਾ ਏ।
ਮੈਂ ਵੀ ਕਿਤੇ ਬੈਠਿਆ ਹਾਂ, ਧੁਰ ਤੇਰੇ ਦਿਲ ਵਿਚ,
ਏਸੇ ਲਈ ਹੀ ਅੱਖੀਆਂ ’ਚ ਨੂਰ ਜਿਹਾ ਰਹਿੰਦਾ ਏ।
ਤਾਰਿਆਂ ਨੂੰ ਝੋਰਾ ਖਾਵੇ, ਕੱਲ੍ਹੇ ਕੱਲ੍ਹੇ ਹੋਣ ਵਾਲਾ,
ਕਾਹਦਾ ਫਿਰ ਚੰਨ ਨੂੰ ਗਰੂਰ ਜਿਹਾ ਰਹਿੰਦਾ ਏ।
ਬੇਲਿਆਂ 'ਚ ਵੰਝਲੀ ਉਦਾਸ ਜਦੋਂ ਬੋਲਦੀ,
ਦਿਲ ਦਾ ਪਰਿੰਦਾ, ਮੈਥੋਂ ਦੂਰ ਜਿਹਾ ਰਹਿੰਦਾ ਏ।
ਇਕ ਪਾਸੇ ਵਾਢੀਆਂ ਤੇ ਦੂਜੇ ਪਾਸੇ ਫੁੱਲ ਵੀ ਨੇ,
ਏਸ ਰੁੱਤੇ ਅੰਬਾਂ ਨੂੰ ਵੀ ਬੁਰ ਜਿਹਾ ਰਹਿੰਦਾ ਏ।
ਜਦੋਂ ਕਦੇ ਕਰੇ ਕੋਸੇ ਸਾਹਾਂ ਦੀ ਟਕੋਰ ਮੈਨੂੰ,
ਓਸ ਪਿੱਛੋਂ ਦਿਲ ਮਖ਼ਮੂਰ ਜਿਹਾ ਰਹਿੰਦਾ ਏ।
ਜਦੋਂ ਵੀ ਸਵੇਰ ਸਾਰ ਬੋਲ ਤੇਰੇ ਪੈਣ ਕੰਨੀਂ,
ਓਸ ਦਿਨ ਦਿਲ ਪੁਰਨੂਰ ਜਿਹਾ ਰਹਿੰਦਾ ਏ।
ਮਨ ਪਰਦੇਸੀ / 54