ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/55

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ 

ਸ਼ਹਿਰ ਆ ਕੇ ਦਿਲ ਮਗਰੂਰ ਜਿਹਾ ਹੋ ਗਿਆ।
ਖੁਸ਼ੀਆਂ ਦਾ ਡੇਰਾ ਤਾਹੀਓਂ ਦੂਰ ਜਿਹਾ ਹੋ ਗਿਆ।

ਫੁੱਲਾਂ ਵਿਚ ਰੰਗ, ਖੁਸ਼ਬੋਈ ਮੇਰੇ ਅੰਗ ਸੰਗ,
ਕਣ ਕਣ ਮਹਿਕ ਭਰਪੂਰ ਜਿਹਾ ਹੋ ਗਿਆ।

ਜਿਸਮਾਂ ਨੂੰ ਛੱਡ ਇਹ ਤਾਂ ਮਿੱਟੀ ਦੀਆਂ ਢੇਰੀਆਂ,
ਦਿਲ ਵੀ ਤਾਂ ਪਹਿਲਾਂ ਨਾਲੋਂ ਦੁਰ ਜਿਹਾ ਹੋ ਗਿਆ।

ਜਾਬਰਾਂ ਦੇ ਵੱਸ ਵੇਖ ਨਾਬਰਾਂ ਦੀ ਜ਼ਿੰਦਗੀ,
ਸਾਬਰਾਂ ਦਾ ਦਿਲ ਕਿਉਂ ਮਨੂਰ ਜਿਹਾ ਹੋ ਗਿਆ।

ਲਾਲ ਪੀਲਾ ਹੋਈ ਜਾਵੇਂ, ਚਿੱਟੇ ਖੂਨ ਵਾਲਿਆ,
ਜਾਪੇ ਤੂੰ ਵੀ ਧਰਤੀ ਤੋਂ ਦੂਰ ਜਿਹਾ ਹੋ ਗਿਆ।

ਆਈ ਏ ਆਵਾਜ਼ ਮੈਨੂੰ ਦੁੱਲੇ ਵਾਲੀ ਬਾਰ ’ਚੋਂ,
ਰਾਵੀ ਦਿਆਂ ਪੱਤਣਾਂ ਤੇ ਨੂਰ ਜਿਹਾ ਹੋ ਗਿਆ।

ਗ਼ਜ਼ਲਾਂ 'ਚੋਂ ਲੱਭ ਲਵੀਂ, ਦੱਸੀਂ ਤੂੰ ਪਛਾਣ ਕੇ,
ਮੈਥੋਂ ਮੇਰਾ ਪਿੰਡ ਕਿਵੇਂ ਦੂਰ ਜਿਹਾ ਹੋ ਗਿਆ।

ਮਨ ਪਰਦੇਸੀ / 55