ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਡਰਦੇ ਹਾਂ ਧੁੱਪਾਂ ਕੋਲੋਂ ਛਾਵਾਂ ਦੇ ਗੁਲਾਮ ਹਾਂ।
ਘੁੱਗੀਆਂ ਦੇ ਬੱਚੇ ਵਾਂਗੂ ਕਾਵਾਂ ਦੇ ਗੁਲਾਮ ਹਾਂ।

ਆਲ੍ਹਣੇ ਨਾ ਪੈਂਦੇ ਸਾਡੇ, ਪੱਕਿਆਂ ਮਹੱਲਾਂ ਵਿੱਚ,
ਰੁੱਖਾਂ ਦੀਆਂ ਟਾਹਣੀਆਂ ਜਹੇ ਥਾਵਾਂ ਦੇ ਗੁਲਾਮ ਹਾਂ।

ਤਰਨਾ ਜੇ ਜਾਣਦੇ ਤਾਂ ਪਾਰ ਲੰਘ ਜਾਂਦੇ ਅਸੀਂ,
ਹੁਣ ਤਾਂ ਸ਼ੈਤਾਨ ਜਹੇ ਮਲਾਹਵਾਂ ਦੇ ਗੁਲਾਮ ਹਾਂ।

ਕੱਢਿਆ ਫਰੰਗੀ ਨੂੰ ਸੀ ਗ਼ੈਰ ਖ਼ੂਨ ਜਾਣ ਕੇ ਹੀ,
ਹੁਣ ਕੀਹਨੂੰ ਦੱਸੀਏ ਭਰਾਵਾਂ ਦੇ ਗੁਲਾਮ ਹਾਂ।

ਫ਼ਸਲਾਂ ਦੇ ਸਾਂਈਂ ਅਸੀਂ ਅੰਨ-ਦਾਤੇ ਦੁਨੀਆਂ ਦੇ,
ਸਾਰਾ ਕੁਝ ਹੁੰਦੇ ਸੁੰਦੇ ਸ਼ਾਹਵਾਂ ਦੇ ਗੁਲਾਮ ਹਾਂ।

ਸੜਕਾਂ, ਹਵਾਈ ਅੱਡੇ, ਰੇਲ ਗੱਡੀ, ਸਾਡਾ ਕੀਹ ਏ?
ਪੈਰੋਂ ਨੰਗੇ ਅਸੀਂ ਕੱਚੇ ਰਾਹਵਾਂ ਦੇ ਗੁਲਾਮ ਹਾਂ।

ਜ਼ਾਤਾਂ, ਗੋਤਾਂ, ਧਰਮਾਂ ਨੇ ਬਟਿਆਂ 'ਚ ਵੰਡਿਆ ਹੈ,
ਰੁਲ਼ ਕੇ ਵੀ ਅਸੀਂ ਹਾਲੇ ਨਾਵਾਂ ਦੇ ਗੁਲਾਮ ਹਾਂ।

ਆਪਣੀ ਔਕਾਤ, ਜ਼ਾਤ ਕਦੇ ਵੀ ਪਛਾਣੀਏ ਨਾ,
ਮੰਡੀ ਵਿਚ ਟੰਗੇ ਹੋਏ ਭਾਵਾਂ ਦੇ ਗੁਲਾਮ ਹਾਂ।

ਜੰਮਿਆ ਤੇ ਪਾਲਿਆ, ਸੰਭਾਲਿਆ ਹੈ ਤਿੰਨਾਂ ਨੇ ਹੀ,
ਮਾਤ ਭੂਮ, ਬੋਲੀ ਅਤੇ ਮਾਵਾਂ ਦੇ ਗੁਲਾਮ ਹਾਂ।

ਮਨ ਪਰਦੇਸੀ / 57