ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਹਨ੍ਹੇਰੇ ਦੀ ਰਿਆਸਤ ਵੇਖ ਕੇ ਜੇ ਡਰ ਗਏ ਹੁੰਦੇ ।
ਅਸੀਂ ਵੀ ਸ਼ਾਮ ਢਲਣੋਂ ਬਹੁਤ ਪਹਿਲਾਂ ਘਰ ਗਏ ਹੁੰਦੇ ।

ਜੇ ਚੂਰੀ ਖਾਣ ਦੀ ਆਦਤ ਪਕਾ ਲੈਂਦੇ ਤਾਂ ਕੀਹ ਹੁੰਦਾ,
ਅਸੀਂ ਜਿਸਮਾਂ ਦੀ ਮੌਤੋਂ, ਬਹੁਤ ਪਹਿਲਾਂ ਮਰ ਗਏ ਹੁੰਦੇ ।

ਮੈਂ ਦਾਤਾ ਬਣਨ ਵਾਲੀ ਰੀਝ ਦਾ ਧੰਨਵਾਦ ਕਰਦਾ ਹਾਂ,
ਜੇ ਰਲਦੇ ਮੰਗਤਿਆਂ ਵਿਚ, ਧੁਰ ਜ਼ਮੀਰੋਂ ਠਰ ਗਏ ਹੁੰਦੇ ।

ਨਿਰੰਤਰ ਜੀਣ ਦੀ ਇੱਛਾ ਨੂੰ ਆਪਾਂ ਮਰਨ ਨਾ ਦਿੱਤਾ,
ਇਹੀ ਜੇ ਡੁੱਬ ਜਾਂਦੀ, ਲਾਸ਼ ਵਾਂਗੂੰ ਤਰ ਗਏ ਹੁੰਦੇ ।

ਨਹੀਂ ਜੇਤੂ ਅਸੀਂ ਪਰ ਵੇਖ ਲਉ ਸਿੱਧੇ ਖਲੋਤੇ ਹਾਂ,
ਅਸੀਂ ਵੀ ਰੀਂਘਦੇ ਹੋਣਾ ਸੀ, ਜੇਕਰ ਹਰ ਗਏ ਹੁੰਦੇ ।

ਕਿਵੇਂ ਦੁੱਲੇ ਤੋਂ ਬੁੱਲ੍ਹੇ ਤੀਕ ਆਪਾਂ ਪਹੁੰਚਦੇ ਯਾਰੋ,
ਅਸੀਂ ਤਲਵਾਰ ਤੋਂ ਜਾਂ ਤੀਰ ਤੋਂ ਜੇ ਡਰ ਗਏ ਹੁੰਦੇ ।

ਅਸੀਂ ਰਾਹਵਾਂ 'ਚ ਗੁੰਮ ਜਾਵਣ ਤੋਂ ਕਿੰਜ ਬਚਣਾ ਸੀ ਹਮਸਫ਼ਰੋ,
ਵਡੇਰੇ ਮਮਟੀਆਂ ਤੇ ਜੇ ਨਾ ਦੀਵੇ ਧਰ ਗਏ ਹੁੰਦੇ ।

ਮਨ ਪਰਦੇਸੀ/58