ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਆਪਸ ਦੇ ਵਿਚ ਕਿਉਂ ਲੜਦੇ ਹਾਂ, ਦੁਸ਼ਮਣ ਤਾਂ ਕੋਈ ਹੋਰ ਹੈ ।
ਪੁਤਲੀਗਰ ਨੂੰ ਕਿਉਂ ਨਹੀਂ ਲੱਭਦੇ, ਜਿਸਦੇ ਹੱਥ ਵਿਚ ਡੋਰ ਹੈ ।

ਚੋਰ ਚੋਰ ਦਾ ਰੌਲਾ ਪਾਉਂਦੇ, ਚੋਰ ਗੁਆ ਕੇ ਬਹਿ ਗਏ ਹਾਂ,
ਉਹ ਤਾਂ ਚੁੱਪ ਚੁਪੀਤਾ ਬੈਠਾ, ਜਿਸਦੇ ਮਨ ਵਿਚ ਚੋਰ ਹੈ ।

ਉੱਚੀ 'ਵਾਜ਼ ਵਜਾ ਕੇ ਵਾਜੇ, ਦਰ ਦਰਵਾਜ਼ੇ ਤੋੜ ਰਿਹੈ,
ਚੌਂਕ ਚੁਰਸਤੇ ਫਿਰੇ ਭਟਕਦਾ, ਇਹ ਤਾਂ ਮਨ ਦਾ ਸ਼ੋਰ ਹੈ ।

ਬਿਰਖਾਂ ਦੇ ਰਖਵਾਲੇ ਬਹਿ ਗਏ ਆਰੇ ਲਾ ਕੇ ਜੰਗਲ ਵਿਚ,
ਹਿੱਸੇ ਆਉਂਦਾ ਚੀਰੀ ਜਾਂਦੇ, ਜਿੰਨਾ ਜਿੰਨਾ ਜ਼ੋਰ ਹੈ ।

ਸਾਲਮ ਸਾਬਤ ਚਿਹਰੇ ਵਾਲਾ ਕਦ ਤੱਕ ਭਰਮ ਸੰਭਾਲੇਗਾ,
ਜਿਹੜਾ ਅੰਦਰੋਂ ਤਿੜਕ ਗਿਆ ਏ, ਉਹ ਸ਼ੀਸ਼ਾ ਤਾਂ ਹੋਰ ਹੈ ।

ਮੂੰਹ ਵਿਚ ਰਾਮ ਬਗਲ ਵਿਚ ਛੁਰੀਆਂ ਰੱਖਣ ਵਾਲੇ ਦੱਸਦੇ ਨੇ,
ਧਰਮ ਅਤੇ ਇਨਸਾਫ਼ ਦਾ ਰਾਖਾ ਖ਼ੁਦ ਵੀ ਆਦਮਖੋਰ ਹੈ ।

ਉੱਚੇ ਬਿਰਖ਼ ਮੁਹੱਬਤਾਂ ਵਾਲੇ, ਸਿਰ ਤੇ ਛਾਵਾਂ ਤਣਦੇ ਨੇ,
ਤਾਂਹੀ ਪੈਲਾਂ ਪਾਉਂਦਾ, ਗਾਉਂਦਾ, ਮਨ ਮੰਦਿਰ ਦਾ ਮੋਰ ਹੈ ।

ਮਨ ਪਰਦੇਸੀ / 60