ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਡਾਲਰਾਂ ਦੇ ਅੱਗੇ ਮੁੱਲ ਘਟਿਆ ਰੁਪਈਆਂ ਦਾ ।
ਪੈ ਗਿਆ ਪਟਾਕਾ ਸਾਡੇ ਭਰਮਾਂ ਦੇ ਪਹੀਆਂ ਦਾ ।

ਚੱਬ ਜਾਊ ਸਾਨੂੰ ਮੰਡੀ ਆਲਮੀ ਦਾ ਦਿਓ-ਦੈਂਤ,
ਪਿੱਛੋਂ ਪਤਾ ਲੱਗਦੈ ਸਿਆਣੇ ਦੀਆਂ ਕਹੀਆਂ ਦਾ ।

ਸੱਜਰੀ ਪਕਾ ਕੇ ਦੇਣ ਵਾਲੀ ਬੇਬੇ ਮਰ ਗਈ,
ਢੇਰ ਹੈ ਫਰਿੱਜ ਵਿਚ ਬੇਹੀਆਂ ਤਰ ਬੇਹੀਆਂ ਦਾ ।

ਘੜ ਨਾ ਬਹਾਨੇ, ਤੁਰ ਕਾਫ਼ਲੇ ਦੇ ਨਾਲ-ਨਾਲ,
ਬਣੀ ਨਾ ਮਜੌਰ ਵੀਰਾ, ਪਿੱਛੇ ਪੈੜਾਂ ਰਹੀਆਂ ਦਾ ।

ਮੁੱਲ ਕਦੇ ਮੰਗਿਆ, ਸ਼ਹੀਦਾਂ ਨਾ ਮੁਰੀਦਾਂ ਨੇ,
ਕੀਤਾ ਨਾ ਵਿਖਾਵਾ, ਸੱਟਾਂ ਮੌਰਾਂ ਉੱਤੇ ਸਹੀਆਂ ਦਾ ।

ਸੁਰਗਾਂ ਨੂੰ ਵੇਚ ਨਾ ਤੂੰ ਨਰਕਾਂ ਦਾ ਡਰ ਦੇ ਕੇ,
ਪਾਂਧਿਆ ਤੂੰ ਛੱਡ ਖਹਿੜਾ ਪੱਤਰੀਆਂ ਵਹੀਆਂ ਦਾ ।

ਅਕਲੇ ਨੀ ਅਕਲੇ, ਤੂੰ ਰੋਕ ਨਾ ਦੀਵਾਨਗੀ ਤੋਂ,
ਕਤਲਗਾਹ ’ਚ ਮੁੱਲ ਕੀਹ ਏ ਦੱਸ ਤੇਰੇ ਜਹੀਆਂ ਦਾ ।

ਮਨ ਪਰਦੇਸੀ / 61