ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਜ਼ਿੰਦਗੀ ਖ਼ਾਤਰ ਹੁਣ ਕਿਉਂ ਆਪਾਂ ਮਰਦੇ ਨਹੀਂ ।
ਜੋ ਚਾਹੀਦੈ, ਉਹ ਕਿਉਂ ਆਪਾਂ ਕਰਦੇ ਨਹੀਂ ।

ਪੌਣੀ ਸਦੀ ਗੁਜ਼ਾਰ ਲਈ ਹੈ ਹੰਝੂਆਂ ਨੇ,
ਸੰਤਾਲੀ ਦੇ ਜ਼ਖ਼ਮ ਅਜੇ ਵੀ ਭਰਦੇ ਨਹੀ ।

ਰਾਵੀ ਦੇ ਉਰਵਾਰ ਪਾਰ ਰੁੱਖ ਇੱਕੋ ਜਹੇ,
ਮੈਨੂੰ, ਤੈਨੂੰ ਇਹ ਕਿਉਂ ਛਾਵਾਂ ਕਰਦੇ ਨਹੀਂ ।

ਸਿਖ਼ਰ ਦੁਪਹਿਰੇ ਡਾਕੂ ਤੱਕੀਏ, ਲੁਕ ਜਾਈਏ,
ਓਦਾਂ ਕਹੀਏ, ਅਸੀਂ ਕਿਸੇ ਤੋਂ ਡਰਦੇ ਨਹੀ ।

ਹਾਉਕੇ ਭਰਦੀ, ਮਰਦੀ ਜ਼ਖ਼ਮੀ ਰੂਹ ਖ਼ਾਤਰ,
ਹਮਦਰਦੀ ਦੇ ਬੋਲ ਵੀ ਸਾਥੋਂ ਸਰਦੇ ਨਹੀਂ ।

ਦੇਣ ਦਿਲਬਰੀ ਆਏ ਪਾਰ ਸਮੁੰਦਰਾਂ ਤੋਂ,
ਭੁੱਲੀਂ ਨਾ, ਇਹ ਬੰਦੇ ਆਪਣੇ ਘਰ ਦੇ ਨਹੀਂ ।

ਲੀਕਾਂ ਦੀ ਰਖਵਾਲੀ ਕਰਦੇ ਰਹਿ ਗਏ ਆਂ,
ਚੋਰ ਲੁਟੇਰੇ ਤਾਹੀਓਂ ਸਾਥੋਂ ਡਰਦੇ ਨਹੀ ।

ਮਨ ਪਰਦੇਸੀ/62