ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਤਪਿਆ ਖਪਿਆ ਸੂਰਜ ਸ਼ਾਮੀਂ 'ਨੇਰ੍ਹੇ ਦੇ ਘਰ ਢਲ਼ ਜਾਂਦਾ ਹੈ ।
ਸਾਡੇ ਪਿੰਡ ਦਾ ਕਹਿਣਾ ਇਹ ਤਾਂ ਚੋਰਾਂ ਦੇ ਸੰਗ ਰਲ਼ ਜਾਂਦਾ ਹੈ ।

ਮਿੱਟੀ ਦਾ ਕਲਬੂਤ ਵਿਚਾਰਾ, ਸਿਰ ਤੇ ਚੁੱਕ ਹੰਕਾਰ ਦੀ ਗਠੜੀ,
ਚਹੁੰ ਕਣੀਆਂ ਦੀ ਮਾਰ ਨਾ ਝੱਲੇ, ਖੜ੍ਹਾ ਖਲੋਤਾ ਗਲ਼ ਜਾਂਦਾ ਹੈ ।

ਸਤਿਜੁਗ ਤੋਂ ਅੱਜ ਤੀਕ ਫਰੋਲੋ, ਸਦੀਆਂ ਦਾ ਇਤਿਹਾਸ ਪਛਾਣੋ,
ਸੋਨ-ਮਿਰਗ ਕਿਉਂ ਹਰ ਵਾਰੀ ਹੀ ਸੀਤਾ ਮਈਆ ਛਲ਼ ਜਾਂਦਾ ਹੈ ।

ਦੁਸ਼ਮਣ ਦੀ ਨਾਭੀ ਵਿਚ ਸਿੱਧਾ ਤੀਰ ਨਿਸ਼ਾਨੇ ਤੇ ਨਹੀਂ ਲੱਗਦਾ,
ਏਸੇ ਕਰਕੇ ਬਿਰਖ਼ ਬਦੀ ਦਾ ਹੋਰ ਵਧੇਰੇ ਫ਼ਲ ਜਾਂਦਾ ਹੈ ।

ਬਦਰੂਹਾਂ ਤੋਂ ਮੁਕਤੀ ਖ਼ਾਤਰ, ਨਾਟਕ ਦੀ ਥਾਂ ਹਿੰਮਤ ਕਰੀਏ,
ਸਦੀਆਂ ਤੋਂ ਕਾਗਜ਼ ਦਾ ਰਾਵਣ ਆਏ ਵਰ੍ਹੇ ਹੀ ਜਲ਼ ਜਾਂਦਾ ਹੈ ।

ਸਾਡੇ ਵਿਚੋਂ ਬਹੁਤੇ ਲੋਕੀਂ ਚੁੱਪ ਰਹਿੰਦੇ ਨੇ, ਕੁਝ ਨਹੀਂ ਕਹਿੰਦੇ,
ਜਿਉਂ ਬਿੱਲੀ ਨੂੰ ਭਰਮ ਕਿ ਏਦਾਂ ਆਇਆ ਖ਼ਤਰਾ ਟਲ਼ ਜਾਂਦਾ ਹੈ ।

ਸੱਚ ਬੋਲਣ ਤੋਂ ਡਰ ਜਾਂਦੇ ਹਾਂ, ਕੁਰਸੀ ਖ਼ਾਤਰ ਮਰ ਜਾਂਦੇ ਹਾਂ,
ਤਾਹੀਓਂ ਵਕਤ ਹਮੇਸ਼ਾਂ ਸਾਡੇ ਮੂੰਹ ਤੇ ਕਾਲਖ ਮਲ਼ ਜਾਂਦਾ ਹੈ ।

ਮਨ ਪਰਦੇਸੀ/64