ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸਰਦ ਪਹਾੜੋਂ ਮਹਿਕਾਂ ਭਿੱਜੀ ਪੌਣ ਜਦੋਂ ਵੀ ਆਉਂਦੀ ਹੈ ।
ਟਾਹਣੀ ਟਾਹਣੀ ਪੱਤੇ ਪੱਤੇ, ਰੁੱਖ ਨੂੰ ਗੀਤ ਸੁਣਾਉਂਦੀ ਹੈ ।

ਤਪਦੀ ਧਰਤੀ ਉਤੇ ਪਹਿਲੀਆਂ ਕਣੀਆਂ ਜੀਕੂੰ ਮਹਿਕਦੀਆਂ,
ਅਣਦਿਸਦੀ ਖੁਸ਼ਬੋਈ ਮੈਨੂੰ ਏਦਾਂ ਕੋਲ ਬੁਲਾਉਂਦੀ ਹੈ ।

ਰੋਮ ਰੋਮ ਵਿਚ ਕੀਹ ਤੁਰਦਾ ਹੈ, ਸੱਚ ਜਾਣੀਂ, ਇਹ ਸਮਝ ਨਹੀਂ,
ਧਰਤ ਸੁਹਾਵੀ ਪਤਾ ਨਹੀਂ ਕੀਹ, ਅਨਹਦ ਰਾਗ ਅਲਾਉਂਦੀ ਹੈ ।

ਮੈਂ ਕਿਉਂ ਜੰਗਲ ਜੰਗਲ ਭਟਕਾਂ, ਤਨ ਦੀ ਪਿਆਸ ਮਿਟਾਵਣ ਲਈ,
ਅੰਦਰੋਂ ਫੁੱਟਦੀ ਆਬਸ਼ਾਰ ਵਿਚ, ਰੂਹ ਤਾਂ ਰੋਜ਼ ਨਹਾਉਂਦੀ ਹੈ ।

ਸੀਸ ਕਟਾਵੇ, ਕਲਮ ਕਹਾਵੇ, ਸ਼ਬਦ ਜਗਾਵੇ ਕਾਲਖ਼ 'ਚੋਂ,
ਕੋਰੇ ਕਾਗ਼ਜ਼ ਉੱਤੇ ਤਾਹੀਓਂ, ਲਿਖ ਲਿਖ ਹੁਕਮ ਚਲਾਉਂਦੀ ਹੈ ।

ਯਾਦਾਂ ਦੀ ਦੋਮੂੰਹੀਂ ਨਾਗਣ, ਮੇਰਾ ਖਹਿੜਾ ਛੱਡਦੀ ਨਹੀਂ,
ਰੋਜ਼ ਰਾਤ ਨੂੰ ਸੁਪਨੇ ਅੰਦਰ ਮੈਨੂੰ ਆਣ ਜਗਾਉਂਦੀ ਹੈ ।

ਵਣ ਹਰਿਆਲੇ ਸੁੱਕ ਚੱਲੇ ਨੇ, ਸਰਵਰ ਸੱਖਣੇ ਪਾਣੀ ਤੋਂ,
ਖੜ੍ਹੀ ਖ਼ਜੂਰ ਸੜਕ ਦੇ ਕੰਢੇ, ਮੈਨੂੰ ਬਹੁਤ ਡਰਾਉਂਦੀ ਹੈ ।

ਮਨ ਪਰਦੇਸੀ / 67