ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਖੇਤਾਂ ਦੀ ਲਾਲੀ ਹਰਿਆਲੀ ਢੋਰ ਉਜਾੜੀ ਜਾਂਦੇ ਨੇ।
ਫ਼ਿਕਰ ਫ਼ਾਕਿਆਂ ਵਾਲੀਆਂ ਫ਼ੌਜਾਂ, ਸਿਰ ’ਤੇ ਚਾੜ੍ਹੀ ਜਾਂਦੇ ਨੇ।

ਵੱਡੀਆਂ ਵੱਡੀਆਂ ਕਾਰਾਂ ਵਾਲੇ ਕਾਬਜ਼ ਹੋ ਗਏ ਸੜਕਾਂ ਤੇ,
ਰਿਕਸ਼ੇ ਵਾਲੇ ਨੂੰ ਕਿਉਂ ਵਰਦੀਧਾਰੀ ਤਾੜੀ ਜਾਂਦੇ ਨੇ।

ਬਹੁਬਲ ਤੇ ਕਾਲੇ ਧਨ ਦਾ ਗੰਢ-ਚਿਤਰਾਵਾ ਕੁਰਸੀ ਨਾਲ,
ਅਪਣੇ ਟਿੱਬਿਆਂ ਉੱਤੇ ਰਲ ਕੇ ਪਾਣੀ ਚਾੜ੍ਹੀ ਜਾਂਦੇ ਨੇ।

ਅਪਣੇ ਦੇਸ਼ ਪੰਜਾਬ ’ਚ ਅੱਜ ਕੱਲ੍ਹ ਲਾਉਣ ਖ਼ਜੂਰਾਂ ਵੇਖ ਲਵੋ,
ਸੋਹਣੇ ਵਰਕੇ ਫੁੱਲਾਂ ਵਾਲੇ, ਮਾਲੀ ਪਾੜੀ ਜਾਂਦੇ ਨੇ।

ਧਰਤੀ ਪੁੱਤਰੋ ਵਿਕ ਨਾ ਜਾਇਉ, ਏਨੀ ਗੱਲ ਨੂੰ ਜਾਣ ਲਵੋ,
ਮਿੱਠਾ ਮਹੁਰਾ ਦੇ ਧਨਵੰਤੇ ਪਿੰਡ ਉਜਾੜੀ ਜਾਂਦੇ ਨੇ।

ਸਾਨੂੰ ਧੱਕੇ ਮਾਰ ਮਾਰ ਕੇ ਨੂੰ ਕਰੇ ਲਾਉਂਦੇ ਹਰ ਵੇਲੇ,
ਰਾਜ ਘਰਾਣੇ ਪੁੱਤ ਭਤੀਜੇ ਸੰਸਦ ਵਾੜੀ ਜਾਂਦੇ ਨੇ।

ਨੇਰੀ ਵੀ ਮੂੰਹ ਜ਼ੋਰ ਚੜ੍ਹੀ ਹੈ, ਖਿੱਲਰਿਆ ਘਰ ਵੇਖ ਲਵੋ,
ਤਖ਼ਤਾਂ ਵਾਲੇ, ਮਹਿਲਾਂ ਖਾਤਰ, ਕੁੱਲੀਆਂ ਸਾੜੀ ਜਾਂਦੇ ਨੇ।

ਮਨ ਪਰਦੇਸੀ/68