ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅੰਦਰੋਂ ਕੁੰਡੀ ਮਾਰਨ ਵਾਲੇ ਏਸ ਤਰ੍ਹਾਂ ਕਿਉਂ ਡਰਦੇ ਨੇ।
ਦੌਲਤ `ਕੱਠੀ ਕਰਦੇ ਪਹਿਲਾਂ, ਮਗਰੋਂ ਰਾਖੀ ਕਰਦੇ ਨੇ।

ਭਰਮ ਭੁਲੇਖਾ ਦੀਵੜਿਆਂ ਨੂੰ ਆਪੋ ਅਪਣੀ ਅਗਨੀ ਦਾ,
ਲਾਟਾਂ ਨਾਲ ਰੋਜ਼ਾਨਾ ਖੇਡਣ, ਜੁਗਨੂੰ ਕਿੱਥੇ ਮਰਦੇ ਨੇ?

ਰੂਹ ਦੀ ਤਲਬ, ਮੁਹੱਬਤ ਕਹਿ ਲੈ, ਦੇ ਲੈ ਨਾਮ ਹਜ਼ਾਰਾਂ ਤੂੰ,
ਏਸ ਵਣਜ ਵਿਚ ਖੱਟੀ ਏਹੋ, ਦਿਲ ਹਰਜਾਨੇ ਭਰਦੇ ਨੇ।

ਪਹਿਲਾਂ ਬੀਜ ਗੁਆਵੇ ਹਸਤੀ, ਬਿਰਖ਼ ਬਣੇ ਤੇ ਤਣ ਜਾਵੇ,
ਜਿਉਂਦੇ ਬੰਦੇ ਏਸ ਤਰ੍ਹਾਂ ਹੀ ਧੁੱਪਾਂ ਛਾਵਾਂ ਜਰਦੇ ਨੇ।

ਜਿੰਨ੍ਹਾਂ ਤੋਂ ਤੂੰ ਲੁਕਦਾ ਫਿਰਦੈ ਸ਼ਾਮ ਸਵੇਰੇ ਰਾਤਾਂ ਨੂੰ,
ਏਹੀ ਕਸ਼ਟ ਉਸਾਰਨ ਬੰਦਾ, ਇਹ ਤਾਂ ਆਪਣੇ ਘਰ ਦੇ ਨੇ।

ਅੱਗ ਦੇ ਗੋਲੇ ਵਰਗਾ ਸੂਰਜ, ਤਪੀਆ ਹੈ ਤਪ ਕਰਦਾ ਹੈ,
ਏਸ ਤਪੱਸਿਆ ਕਾਰਨ ਹੀ ਤਾਂ ਫੁੱਲਾਂ ਵਿਚ ਰੰਗ ਭਰਦੇ ਨੇ।

ਵਾਹੋਦਾਹੀ ਤੁਰਦੇ ਬੰਦੇ, ਗਿਣਦੇ ਨਹੀਉਂ ਮੀਲਾਂ ਨੂੰ,
 ਕਦਮ ਕਦਮ ਦਰ, ਕਦਮ ਕਦਮ ਦਰ, ਪੈਰ ਅਗਾਂਹ ਨੂੰ ਧਰਦੇ ਨੇ।

ਮਨ ਪਰਦੇਸੀ/69