ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ 

ਸੁਣੋ ਸੁਣਾਵਾਂ ਬੋਲ ਜੋ ਪੁਰਖੇ ਕਹਿ ਗਏ ਨੇ।
ਗ਼ਰਜ਼ਾਂ ਲਈ ਕਿਉਂ ਬੰਦੇ ਨਿੱਕੇ ਰਹਿ ਗਏ ਨੇ।

ਸਖ਼ਤ ਵਿਗੋਚਾ ਅੰਬਰ ਨੂੰ ਇਸ ਗੱਲ ਦਾ ਹੈ,
ਉੱਡਦੇ ਉੱਡਦੇ ਪੰਛੀ ਹੁਣ ਕਿਉਂ ਬਹਿ ਗਏ ਨੇ।

ਤੇਰੇ ਇਕ ਵਿਸ਼ਵਾਸ ਸਹਾਰੇ ਤੁਰਿਆ ਹਾਂ,
ਦੋਚਿੱਤੀ ਦੇ ਪੈਂਖੜ ਪੈਰੋਂ ਲਹਿ ਗਏ ਨੇ।

ਕੰਪਿਊਟਰ ਦੀ ਹੁਕਮ ਅਦੂਲੀ ਕਿਸ ਕੀਤੀ,
ਘੁੰਮਦੇ ਪਹੀਏ ਚੱਲਦੇ ਲੀਹੋਂ ਲਹਿ ਗਏ ਨੇ।

ਲੋਕ ਰਾਜ ਦੀ ਲਾੜੀ ਲੈ ਗਏ ਥੈਲੀਸ਼ਾਹ,
ਸੀਸ-ਕਟਾਵੇ ਹਉਕੇ ਭਰਦੇ ਰਹਿ ਗਏ ਨੇ।

ਅੱਧ ਅਸਮਾਨੇ ਸਾਡੀ ਗੁੱਡੀ ਬੋਅ ਹੋਈ,
ਡੋਰ ਚਰਖ਼ੜੀ ਜ਼ਖ਼ਮੀ ਹੱਥ ਵਿਚ ਰਹਿ ਗਏ ਨੇ।

ਸੜਕਾਂ ਕੰਢੇ ਰੁੱਖ ਹਰਿਆਲੇ ਕਿੱਧਰ ਗਏ,
ਮੁੱਢ ਵਿਚਾਰੇ ਏਥੋਂ ਜੋਗੇ ਰਹਿ ਗਏ ਨੇ।

ਮਨ ਪਰਦੇਸੀ/71