ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜਿਵੇਂ ਗੁਲਾਬ ਖਿੜੇ ਤੇ ਟਹਿਕੇ ਏਸ ਤਰ੍ਹਾਂ ਮੁਸਕਾਇਆ ਕਰ ਤੂੰ।
ਦਿਲ ਦਰਵਾਜ਼ੇ ਖੁੱਲ੍ਹੇ ਥਾਈਂ, ਜਦ ਰੂਹ ਮੰਨੇ ਆਇਆ ਕਰ ਤੂੰ।

ਲੰਮ ਸਲੰਮੀ ਕਾਲੀ ਨਾਗਣ, ਗ਼ਮ ਦੀ ਰਾਤ ਕਦੇ ਨਾ ਮੁੱਕੇ,
ਅੰਨ੍ਹੀ ਸੁਰੰਗ, ਉਦਾਸ ਬੜੀ ਹੈ, ਇਸ ਅੰਦਰ ਨਾ ਜਾਇਆ ਕਰ ਤੂੰ।

ਸੁੱਤਿਆਂ ਨੂੰ ਤਾਂ ਸਗਲ ਸਬੂਤੇ, ਖਾ ਜਾਂਦੀ ਹੈ ਰਾਤ ਹਨ੍ਹੇਰੀ,
ਸ਼ਾਮ ਢਲਦਿਆਂ, ਮਨ ਦੀ ਮਮਟੀ ਦੀਵੇ ਚਾਰ ਜਗਾਇਆ ਕਰ ਤੂੰ।

ਕੰਕਰੀਟ ਦੇ ਜੰਗਲ ਅੰਦਰ, ਬਣ ਨਾ ਜਾਵੀਂ ਸਿਲ ਤੇ ਪੱਥਰ,
ਕੱਚਾ ਵਿਹੜਾ ਰੱਖ ਲੈ ਕੁਝ ਤਾਂ, ਵੇਲਾਂ ਬੂਟੇ ਲਾਇਆ ਕਰ ਤੂੰ।

ਲੰਮੀ ਚੁੱਪ ਦੇ ਪੱਕੇ ਜੰਦਰੇ, ਮਾਰਨ ਲੱਗਿਆਂ ਚੇਤੇ ਰੱਖੀਂ,
ਨਿਰਸ਼ਬਦੇ, ਬਿਨ ਸਾਜ਼ ਸੁਰੀਲੇ ਖ਼ੁਦ ਨੂੰ ਗੀਤ ਸੁਣਾਇਆ ਕਰ ਤੂੰ।

ਮੇਰਾ ਕੀ ਹੈ, ਮੈਂ ਤਾਂ ਧੜਕਣ, ਹਰ ਸਾਹ ਰਹਿਣਾ ਰੰਗ ਸੰਗ ਤੇਰੇ,
ਫੁੱਲ ਖ਼ੁਸ਼ਬੋਈ ਟਾਹਣੀ ਉੱਤੇ, ਲਰਜ਼ ਲਰਜ਼ ਲਹਿਰਾਇਆ ਕਰ ਤੂੰ।

ਕਈ ਜਨਮਾਂ ਦੇ ਵਿੱਛੜੇ ਭਾਵੇਂ, ਹੁਣ ਵੀ ਨੇੜ ਨਹੀਂ ਜੇ ਕੋਈ,
ਨਾਲ ਸਵਾਸਾਂ ਆਸਾਂ ਮੌਲਣ, ਬਹੁਤਾ ਨਾ ਪਛਤਾਇਆ ਕਰ ਤੂੰ।

ਮਨ ਪਰਦੇਸੀ / 73