ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦਿਲ ਨਾ ਛੱਡੀਂ, ਏਦਾਂ ਸਪਨੇ ਮਰ ਜਾਂਦੇ ਨੇ।
ਹੌਕਾ ਨਾ ਭਰ, ਜਗਦੇ ਦੀਵੇ ਡਰ ਜਾਂਦੇ ਨੇ।

ਵਿੱਛੜਨ ਵੇਲੇ ਲੱਗਦੈ, ਜ਼ਿੰਦਗੀ ਮੁੱਕ ਚੱਲੀ ਹੈ,
ਜ਼ਖ਼ਮ ਪੁਰਾਣੇ ਆਪੇ ਮਗਰੋਂ ਭਰ ਜਾਂਦੇ ਨੇ।

ਅਪਣੀ ਮੰਜ਼ਿਲ ਲੱਭ ਲੈਂਦੇ ਨੇ ਰਾਤ-ਬ-
ਰਾਤੇ, ਮਮਟੀ ’ਤੇ ਜੋ ਜਗਦਾ ਦੀਵਾ ਧਰ ਜਾਂਦੇ ਨੇ।

ਰਾਹਬਰ ਖੁਦ ਗੁੰਮਰਾਹ ਕਰਦੇ ਨੇ ਕਾਫ਼ਲਿਆਂ ਨੂੰ,
ਪਤਾ ਨਹੀਂ ਕਿਉਂ ਏਸ ਤਰ੍ਹਾਂ ਉਹ ਕਰ ਜਾਂਦੇ ਨੇ।

ਬਣਨ ਚਿਰਾਗ਼ ਜਗਣ ਲਈ ਤਪ ਕੇ ਆਵੇ ਅੰਦਰ,
ਕੱਚੇ ਦੀਵੇ ਕਣੀਆਂ ਦੇ ਵਿਚ ਖ਼ਰ ਜਾਂਦੇ ਨੇ।

ਅੰਬਰ ਦੇ ਵਿਚ ਤਾਰੇ, ਪੁੱਠੇ ਲਮਕਣ ਸਾਰੇ,
ਖ਼ਬਰ ਨਹੀਂ, ਇਹ ਕਿਹੜੇ ਵੇਲੇ ਘਰ ਜਾਂਦੇ ਨੇ।

ਮਘਦਾ ਰੱਖੀ ਜ਼ਿੰਦਗੀ ਦਾ ਤੰਦੁਰ ਹਮੇਸ਼ਾਂ,
ਰੀਝਾਂ ਦੇ ਬਾਲਣ ਬਿਨ ਇਹ ਵੀ ਠਰ ਜਾਂਦੇ ਨੇ।

ਮਨ ਪਰਦੇਸੀ/74