ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/76

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ 

ਬਹੁਤੇ ਲੋਕੀਂ ਬੋਲ ਰਹੇ, ਕੁਝ ਕਰਦੇ ਕਿਉਂ ਨਹੀਂ।
ਹੱਕ ਅਤੇ ਇਨਸਾਫ਼ ਦੀ ਹਾਮੀ, ਭਰਦੇ ਕਿਉਂ ਨਹੀਂ।

ਕੂੜ ਫਿਰੇ ਪ੍ਰਧਾਨ, ਮਧੋਲੇ ਜ਼ਿੰਦਗੀ ਨੂੰ ਵੀ,
ਸੱਚ ਦੀ ਅਰਥੀ ਵੇਖ ਕੇ ਹੌਕੇ ਭਰਦੇ ਕਿਉਂ ਨਹੀਂ।

ਭਵ ਸਾਗਰ ਤੋਂ ਪਾਰ ਕਰਨ ਦੇ ਲਾਰੇ ਵੇਚਣ,
ਮਿੱਟੀ ਦੇ ਭਗਵਾਨ ਕਦੇ ਵੀ ਤਰਦੇ ਕਿਉਂ ਨਹੀਂ।

ਵੇਖ ਟਟਹਿਣੇ ਜਗਦੇ ਬੁਝਦੇ ਅੰਬਰ ਗਾਹੁੰਦੇ,
ਕੁੱਲ ਧਰਤੀ ਦੇ ਨੇਰ੍ਹੇ ਕੋਲੋਂ ਮਰਦੇ ਕਿਉਂ ਨਹੀਂ।

ਜਿਸ ਦੇ ਅੰਦਰ ਚਾਨਣ ਓਸੇ ਨੇ ਹੀ ਜਗਣੈ,
ਚੌਂਕ ਚੁਰਸਤੇ ਮੁਰਦੇ ਦੀਵੇ ਧਰਦੇ ਕਿਉਂ ਨਹੀਂ।

ਮੰਡੀ ਅੰਦਰ ਮਾਲ ਵਿਕਾਊ ਵੇਚ ਰਹੇ ਨੇ,
ਹੱਟੀਆਂ ਵਾਲੇ ਦਿਲ ਦੇ ਸੌਦੇ ਕਰਦੇ ਕਿਉਂ ਨਹੀਂ।

ਮਿੱਟੀ, ਮਿੱਟੀ, ਮਿੱਟੀ, ਮਿੱਟੀ ਸਾਂਭ ਰਹੇ ਆਂ ਆਪਾਂ,
ਮਹਿਕ ਗੁਆਚਣ ਤੇ ਵੀ ਹੌਕੇ ਭਰਦੇ ਕਿਉਂ ਨਹੀਂ।

ਮਨ ਪਰਦੇਸੀ/76