ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹਰ ਯੁਗ ਅੰਦਰ ਧਰਤੀ ਉੱਤੇ, ਐਸੇ ਜਨ ਵੀ ਆਉਂਦੇ ਨੇ।
ਹਰ ਮੌਸਮ ਵਿਚ ਕੰਡਿਆਂ ਅੰਦਰ, ਫੁੱਲਾਂ ਜਿਉਂ ਮੁਸਕਾਉਂਦੇ ਨੇ।

ਧਰਤੀ ਧਰਮ ਨਿਭਾਵਣਹਾਰੇ ਡਰਨ ਨਾ ਧੁੱਪਾਂ ਛਾਵਾਂ ਤੋਂ,
ਮੰਜ਼ਿਲ ਦੇ ਸਿਰਨਾਵੇਂ ਖ਼ਾਤਰ ਅਗਨ-ਨਦੀ ਵਿਚ ਨ੍ਹਾਉਂਦੇ ਨੇ।

ਨਾਨਕ, ਈਸਾ, ਬੁੱਧ ਦੇ ਚੇਲੇ, ਨਸਲੋਂ ਭਾਈ ਘਨੱਈਆ ਜਹੇ,
ਜ਼ਖ਼ਮੀ ਖ਼ਾਤਰ ਮਲ੍ਹਮ ਬਣਨ ਤੇ ਮੂੰਹ ਨੂੰ ਪਾਣੀ ਲਾਉਂਦੇ ਨੇ।

ਕਹਿਣ ਕੁਰਾਹੀਆਂ ਸੂਲੀ ਟੰਗਣ, ਲੱਬ ਲਾਲਚ ਦੇ ਪਾਂਧੀ ਜੋ,
ਬੋਧ ਬਿਰਖ਼ ਜਹੇ ਬੁੱਲ੍ਹੇ, "ਮੂੰਹ ਵਿਚ ਆਈ ਬਾਤ" ਸੁਣਾਉਂਦੇ ਨੇ।

ਚਾਨਣ ਵਾਲੀ ਲੀਕ ਮਿਟਾਉਂਦੇ, ਹੰਭ ਗਏ ਨੇਰ੍ਹੇ ਸਦੀਆਂ ਤੋਂ,
ਕਾਲਖ਼ ਦੇ ਆਲੇ ਵਿੱਚ ਜਗ ਕੇ ਤਾਰੇ ਰਾਹ ਰੁਸ਼ਨਾਉਂਦੇ ਨੇ।

ਹਰ ਮੰਜ਼ਿਲ ਤੇ ਨਵੇਂ ਸੁਨੇਹੇ, ਗੁੰਝਲਦਾਰ ਬੁਝਾਰਤ ਵਾਂਗ,
ਜ਼ਾਤ ਔਕਾਤ ਵੇਖ ਕੇ ਸੁਪਨੇ ਮਨ ਮਸਤਕ ਵਿਚ ਆਉਂਦੇ ਨੇ।

ਤਨ ਦੇ ਚੋਰ ਮਨਾਂ ਦੇ ਖੋਟੇ, ਤੀਰਥ ਮੈਲੇ ਕਰ ਦੇਵਣ,
ਮੈਂ ਨਹੀਂ ਕਹਿੰਦਾ, ਬਾਣੀ ਅੰਦਰ, ਬਾਬਾ ਜੀ ਫੁਰਮਾਉਂਦੇ ਨੇ।

ਮਨ ਪਰਦੇਸੀ/80