ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਵੇਖ ਕਿਵੇਂ ਤੂੰ ਸੂਰਜ ਚੜ੍ਹਦਾ, ਸੂਹਾ ਬਾਰ ਮ ਬਾਰ,
ਤੂੰ ਕਿਉਂ ਢੇਰੀ ਢਾਹ ਕੇ ਬੈਠਾ, ਨੇਰ੍ਹ ਦੀ ਬੁੱਕਲ ਮਾਰ।

ਕਣੀਆਂ ਵਿਚ ਨਹਾਉਂਦੇ ਵੇਖੀ, ਧਰਤੀ ਅੰਬਰ ਦੋਵੇਂ,
ਉੱਡ-ਪੁੱਡ ਜਾਣੈ, ਚਿਹਰੇ ਉਤੋਂ ਸਾਰਾ ਗਰਦ ਗੁਬਾਰ।

ਤੂੰ ਤਾਂ ‘ਰਿਜ਼ਕ' ਜੰਜ਼ੀਰਾਂ ਵਾਂਗੂੰ ਬੰਨ੍ਹੀ ਫਿਰਦੈ ਪੈਰੀਂ,
ਮਨ ਪੰਛੀ ਦੀ ਦਰਵੇਸ਼ੀ ਨੂੰ, ਇਸ ਮੌਤੇ ਨਾ ਮਾਰ।

ਈਨ ਮੰਨਾਉਣੀ, ਮੰਨਣੀ ਦੋਵੇਂ, ਇਹ ਵਰਕੇ ਨਹੀਂ ਮੇਰੇ,
ਮੇਰੇ ਦਿਲ ਦੀ ਨਗਰੀ ਅੰਦਰ, ਅਪਣੀ ਹੀ ਸਰਕਾਰ।

ਸੇਵਾ, ਸਿਮਰਨ ਅਤੇ ਸ਼ਹਾਦਤ, ਨਗਰ ਗੁਰਾਂ ਦੇ ਭਾਵੇਂ,
ਅੰਬਰਸਰ ਵਿਚ ਪੁਤਲੀਘਰ ਤੋਂ ਪਹਿਲਾਂ ਚੋਰ-ਬਾਜ਼ਾਰ।

ਖੋਲ੍ਹ ਖਿੜਕੀਆਂ, ਪਿੰਜਰੇ, ਜੰਦਰੇ, ਕਰ ਨਾ ਕਬਜ਼ਾਕਾਰੀ,
ਉੱਡਣ ਦੇ ਤੂੰ ਖੁੱਲ੍ਹੇ ਅੰਬਰੀਂ, ਤੂੰ ਕੂੰਜਾਂ ਵਾਲੀ ਡਾਰ।

ਪਰ ਹੀਣੇ ਪੰਛੀ ਦੇ ਵਾਂਗੂ, ਵਤਨ ਮੇਰੇ ਦੀ ਸੂਰਤ,
ਮਹਿਮਾ-ਗਾਨ ਕਿਵੇਂ ਮੈਂ ਗਾਵਾਂ, ਪਾ ਕੇ ਰੂਹ ’ਤੇ ਭਾਰ।

ਮਨ ਪਰਦੇਸੀ/81