ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੁਰਖ਼ ਅੰਗਾਰਾਂ ਉੱਤੇ ਵੇਖਾਂ ਜਦ ਵੀ ਭੁੱਜਦੀ ਛੱਲੀ।
ਤਿੜ ਤਿੜ ਕਰਦੀ, ਕਹਿੰਦੀ ਜਾਪੇ, ਹਾਏ! ਜਿੰਦ ਨਿਕਲ ਚੱਲੀ।

ਪਾਲੋ ਪਾਲ ਕਤਾਰ 'ਚ ਬੈਠੇ, ਕਿਰ ਗਏ ਵਾਰੋ ਵਾਰੀ,
ਪਰਦੇ ਹੇਠ ਭਰਮ ਸੀ ਹਸਤੀ, ਹਰ ਦਾਣੇ ਦੀ ਕੱਲ੍ਹੀ।

ਚੱਕੀ ਦੇ ਪੁੜ ਪੀਸ ਰਹੇ ਨੇ, ਦਿਨ ਤੇ ਰਾਤ ਗਰੀਬੀ,
ਕਸਕ ਕਿਤੇ ਨਾ ਪੱਥਰ ਦਿਲ ਵਿਚ ਮੱਚਦੀ ਨਾ ਤਰਥੱਲੀ।

ਤੇਰੇ ਹੁੰਦਿਆਂ ਨੂੰ ਸੁੰਦਿਆਂ ਏਥੇ ਡਾਕੇ ਸਿਖ਼ਰ ਦੁਪਹਿਰੇ,
ਪਹਿਰੇਦਾਰ ਭਲਾ ਤੂੰ ਕਾਹਦਾ, ਦੱਸ ਵੇ ਕਾਕਾ ਬੱਲੀ।

ਅਕਲ ਵਿਕਾਊ ਸਣੇ ਜ਼ਮੀਰਾਂ ਨਕਦ ਮ ਨਕਦੀ ਸੌਦੇ,
ਰਾਤੋ-ਰਾਤ ਗਲੋਬ ਦੀ ਸਾਰੀ ਧਰਤ ਦਲਾਲਾਂ ਮੱਲੀ।

ਦਰ ਦਰਵਾਜ਼ੇ ਬੰਦ ਪਏ ਨੇ, ਧੀਆਂ ਪੁੱਤ ਪਰਦੇਸੀ,
ਕਿਸਨੂੰ ਪੀੜ ਸੁਣਾਵੇ ਧਰਤੀ, ਰੋ ਰੋ ਹੋ ਗਈ ਝੱਲੀ।

ਮਨ ਦਾ ਮੋਰ ਨਚਾਈਏ ਕਿੱਦਾਂ, ਸੰਗਮਰਮਰ ਦੇ ਉੱਤੇ,
ਬਾਗ ਬਗੀਚਿਆਂ ਤੋਂ ਬਿਨ ਇਸਦੀ ਪਾਵੇ ਰੂਹ ਨਾ ਚੱਲੀ।

ਮਨ ਪਰਦੇਸੀ/84