ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/86

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
 

ਪ੍ਰਿੰਸੀਪਲ ਸਵਰਨ ਸਿੰਘ ਵਿਰਕ (ਤੁਗਲਾਵਾਲਾ) ਦੇ ਨਾਮ

ਕਦੇ ਵੀ ਆਸ ਦੇ ਦੀਵੇ, ਹਵਾ ਤੋਂ ਡਰਨ ਨਾ ਦੇਣਾ।
ਉਮੀਦਾਂ ਵਕਤ ਜੋ ਕਰਦੈ, ਕਦੇ ਵੀ ਮਰਨ ਨਾ ਦੇਣਾ।

ਹਨ੍ਹੇਰੀ ਰਾਤ ਹੈ, ਤੁਫ਼ਾਨ, ਝੱਖੜ, ਡੋਲਦੇ ਸਾਏ,
ਜਿਊਂਦੀ ਲਾਸ਼ ਵਾਂਗੂੰ ਦੋਸਤੀ ਨੂੰ ਤਰਨ ਨਾ ਦੇਣਾ।

ਸਿਰਾਂ ਤੇ ਸ਼ਾਮ ਹੈ, ਸੂਰਜ ਸਮੁੰਦਰ ਮਿਲਣ ਲੱਗੇ ਨੇ,
ਦਿਲਾਂ ਨੂੰ ਸਾਂਭਣਾ ਤੇ ਸਰਦ ਹੌਕਾ ਭਰਨ ਨਾ ਦੇਣਾ।

ਕਦੇ ਵੀ ਰਾਤ ਦੇ ਸਾਏ ਤੋਂ ਡਰ ਕੇ ਸਹਿਮ ਨਾ ਜਾਣਾ,
ਜਿਉਂਦੇ ਖ਼੍ਵਾਬ ਨੂੰ ਅਗਨੀ ਹਵਾਲੇ ਕਰਨ ਨਾ ਦੇਣਾ।

ਬੜੇ ਤੂਫ਼ਾਨ ਆਏ, ਆਉਣਗੇ ਵੀ ਹੋਰ ਚੜ੍ਹ ਚੜ੍ਹ ਕੇ,
ਦਿਲਾ ਤੂੰ ਹੌਸਲਾ ਰੱਖੀਂ, ਉਮੀਦਾਂ ਠਰਨ ਨਾ ਦੇਣਾ।

ਨਿਖਸਮੀ ਜੂਹ ਦੇ ਅੰਦਰ ਫਿਰਨ ਟੋਲੇ ਬੇਲਗਾਮੇ ਜੋ,
ਤੂੰ ਆਪਣੀ ਫ਼ਸਲ ਅੰਦਰ ਵਰਜ, ਏਥੇ ਚਰਨ ਨਾ ਦੇਣਾ।

ਕਦੇ ਜੇ ਆਉਣ ਉਹ ਪਲ, ਕਹਿਣ ਜੋ ਦੜ ਵੱਟਕੇ ਬਹਿ ਜਾ,
ਬਰੂੰਹੀਂ ਚੜ੍ਹਨ ਨਾ ਦੇਣਾ, ਕਦੇ ਵੀ ਸ਼ਰਨ ਨਾ ਦੇਣਾ।

ਮਨ ਪਰਦੇਸੀ/86