ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/87

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਦ ਸਿਆਹੀ ਨਾਲ ਤੂੰ ਲੀਕਾਂ ਵਾਹੀਆਂ ਨੇ।
ਦਿਲ ਤੇ ਅੱਖੀਆਂ ਦੋਵੇਂ ਹੀ ਭਰ ਆਈਆਂ ਨੇ।

ਮੱਥਾ ਟਸ ਟਸ ਕਰਦੈ ਕਹਿ ਕੁਝ ਸਕਦਾ ਨਾ,
ਰੂਹ ਦੇ ਬਾਗੀਂ ਕੋਇਲਾਂ ਵੀ ਕੁਰਲਾਈਆਂ ਨੇ।

ਬਿਨ ਬੂਹੇ ਤੇ ਦਸਤਕ, ਪੋਲੇ ਪੈਰੀਂ ਇਹ,
ਪੀੜਾਂ ਮਨ ਵਿੱਚ ਕਦੋਂ ਪ੍ਰਾਹੁਣੀਆਂ ਆਈਆਂ ਨੇ।

ਮੈਂ ਇਨ੍ਹਾਂ ਨੂੰ ਕਿਵੇਂ ਕਹਿ ਦਿਆਂ, ਤੁਰ ਜਾਵੋ,
ਪੀੜਾਂ ਮੇਰੀ ਮਾਂ ਜਾਈਆਂ ਹਮਸਾਈਆਂ ਨੇ।

ਸੱਜਰੀ ਪੌਣ ਦਾ ਬੁੱਲਾ ਤੇਰੀ ਹਸਤੀ ਹੈ,
ਸੁਰਖ਼ ਗੁਲਾਬਾਂ ਇਹ ਬਾਤਾਂ ਸਮਝਾਈਆਂ ਨੇ।

ਤੇਰੇ ਹੌਕੇ ਅੰਦਰ ਮੈਂ ਹੀ ਹਾਜ਼ਰ ਸੀ,
ਇਹ ਰਮਜ਼ਾਂ ਸਭ ਅੱਖੀਆਂ ਨੇ ਉਲਥਾਈਆਂ ਨੇ।

ਦਿਲ ਦਰਵਾਜ਼ੇ ਖੁੱਲ੍ਹੇ ਨੇ ਤੂੰ ਲੰਘ ਵੀ ਆ,
ਤੇਰੀ ਖਾਤਰ ਨਜ਼ਰਾਂ ਵੇਖ ਵਿਛਾਈਆਂ ਨੇ।

ਮਨ ਪਰਦੇਸੀ /87