ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/89

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਧਰਤੀ ਤੇ ਵਿਰਲੇ ਵਿਰਲੇ ਸੰਕਟ ਸਮੇਂ ਸਹਾਰੇ ਬਣਦੇ।
ਓਹੀ ਸੁਣਿਐ, ਅੰਬਰੀਂ ਜਾ ਕੇ ਸੂਰਜ, ਚੰਨ ਜਾਂ ਤਾਰੇ ਬਣਦੇ।

ਆਪਣੀ ਅੱਗ ਵਿੱਚ ਆਪੇ ਸੜ ਕੇ, ਵਕਤ ਗੁਆਚਾ, ਹੱਥ ਕੀ ਆਇਆ,
ਓਹੀ ਪਲ ਤਾਂ ਵੀਰ ਮੇਰਿਆ, ਹੱਡੀਆਂ ਦੇ ਵਿੱਚ ਪਾਰੇ ਬਣਦੇ।

ਚੀਰੀ ਜਾਵੇ ਤਨ ਦੀ ਗੇਂਲੀ, ਦੂਜੇ ਕੰਨ ਆਵਾਜ਼ ਨਾ ਪਹੁੰਚੇ,
ਬਾਗ ਬਗੀਚੇ ਢੇਰ ਕਰਨ ਲਈ, ਸ਼ਿਕਵੇ ਰੋਸੇ ਆਰੇ ਬਣਦੇ।

ਨਿੱਕੀਆਂ ਨਿੱਕੀਆਂ ਗੰਢਾਂ ਬੰਨ੍ਹ ਕੇ, ਮਨ ਮੰਦਰ ਵਿੱਚ ਰੱਖਿਆ ਨਾ ਕਰ,
ਸਫ਼ਰ ਸਮੇਂ ਇਹ ਬਹੁਤੇ ਨਗ ਵੀ ਬੰਦੇ ਖਾਤਰ ਭਾਰੇ ਬਣਦੇ।

ਤੇਰੀ ਛਤਰੀ ਸਬਜ਼ ਕਬੂਤਰ, ਚੋਗ ਚੁਗਣ ਲਈ ਬੈਠੇ ਜਿਹੜੇ,
ਉੱਡ ਜਾਣੇ ਨੇ, ਦਾਣੇ ਚੁਗ ਕੇ ਜਿਹੜੇ ਬਹੁਤ ਦੁਲਾਰੇ ਬਣਦੇ।

ਧਨਵੰਤੇ ਪਤਵੰਤੇ ਜਿੱਥੇ, ਕਲਾਵੰਤ ਗੁਣਵੰਤੇ ਰੁਲ਼ਦੇ,
ਘਰ ਤੇ ਵਤਨ ਉਜਾੜਨ ਖਾਤਰ, ਏਹੀ ਪਲ ਅੰਗਿਆਰੇ ਬਣਦੇ।

ਕੂੜ ਕੁਫ਼ਰ ਦੇ 'ਨ੍ਹੇਰੇ ਅੰਦਰ, ਤੂੰ ਜੋ ਬੋਲੇਂ ਤਖ਼ਤ ਨਸ਼ੀਨਾ,
ਵਕਤ ਕਚਹਿਰੀ ਦੇ ਵਿੱਚ ਬੀਬਾ, ਅਸਲ ਗਵਾਹ ਤਾਂ ਕਾਰੇ ਬਣਦੇ।

ਮਨ ਪਰਦੇਸੀ /89