ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/90

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਗ ਨਾਲ ਖੇਡੀਏ ਅੰਗਾਰਾਂ ਨਾਲ ਖੇਡੀਏ।
ਆ ਜਾ ਕਦੇ ਸੋਹਣਿਆ, ਵਿਚਾਰਾਂ ਨਾਲ ਖੇਡੀਏ।

ਤੈਨੂੰ ਮੈਨੂੰ ਰੋਕਦੀਆਂ, ਨਜ਼ਰਾਂ ਮਿਲਾਉਣ ਤੋਂ,
ਕਾਹਨੂੰ ਸੜ ਜਾਣੀਆਂ ਦੀਵਾਰਾਂ ਨਾਲ ਖੇਡੀਏ।

ਸ਼ਿਕਰੇ ਤੇ ਬਾਜ਼ ਦੋਵੇਂ ਮਹਿਲਾਂ ਪੱਲੇ ਰਹਿਣ ਦੇ,
ਆ ਜਾ ਦੋਵੇਂ ਘੁੱਗੀਆਂ, ਗੁਟਾਰਾਂ ਨਾਲ ਖੇਡੀਏ।

ਜੋੜਦੇ ਨਾ, ਤੋੜਦੇ ਨੇ, ਕਹਿਰਵਾਨ ਬਾਗਬਾਨ,
ਖਿੜੇ ਹੋਏ ਫੁੱਲਾਂ ਗੁਲਜ਼ਾਰਾਂ ਨਾਲ ਖੇਡੀਏ।

ਅੱਥਰੀ ਬੰਦੂਕ ਦਿਆਂ ਘੋੜਿਆਂ ਨੂੰ ਛੱਡ ਦੇ,
ਪੋਟਿਆਂ ਨੂੰ ਆਖ ਦੇ, ਸਿਤਾਰਾਂ ਨਾਲ ਖੇਡੀਏ।

ਹੀਲੇ ਤੇ ਵਸੀਲੇ ਜਦੋਂ ਮਰ ਮੁੱਕ ਜਾਣ ਸਾਰੇ,
ਗੁਰੂ ਫੁਰਮਾਨ ਹੈ ਕਟਾਰਾਂ ਨਾਲ ਖੇਡੀਏ।

ਜਿੱਤ ਹਾਰ ਕਾਹਦੀ ਵੀ ਹੁੰਦੀ ਪਰਿਵਾਰ 'ਚ,
ਜਿੰਨੀ ਦੇਰ ਖੇਡਣਾ ਪਿਆਰਾਂ ਨਾਲ ਖੇਡੀਏ।

ਮਨ ਪਰਦੇਸੀ /90