ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝੜ ਗਏ ਪੁੱਤ ਪੁਰਾਣੇ ਭਾਵੇਂ, ਰੁੱਤ ਨਵਿਆਂ ਦੀ ਆਈ ਨਹੀਂ।
ਤਾਂਹੀਂਉਂ ਰਸਮ ਨਿਭਾਉਣ ਲਈ ਮੈਂ ਦਿੱਤੀ ਅੱਜ ਵਧਾਈ ਨਹੀਂ।

ਮੋਦੀਖ਼ਾਨੇ ਅੰਦਰ ਸੌਦਾ ਜਿੰਨਾ ਵੀ ਸੀ ਵਿਕ ਚੁੱ ਕਿਆ,
ਕੀਹਦਾ ਹੋਕਾ ਹੁਣ ਦੇਵੋਗੇ, ਨਵੀਂ ਰਸਦ ਜੇ ਪਾਈ ਨਹੀਂ।

ਤਨ ਜ਼ਖ਼ਮੀ ਹੈ, ਰੂਹ ’ਤੇ ਛਾਲੇ, ਲੱਗਦੈ ਮਨ ਪਰਦੇਸੀ ਹੈ,
ਖ਼ੁਦ ਨੂੰ ਪੁੱਛ ਕੇ ਦੱਸਿਓ ਆਪੇ, ਕਿਸ ਦੀ ਸ਼ਾਮਤ ਆਈ ਨਹੀਂ।

ਮੈਂ ਜੇ ਚੁੱਪ ਹਾਂ, ਇਹ ਨਾ ਸਮਝੋ , ਚੋਰ ਸਾਧ ਪਹਿਚਾਣਾਂ ਨਾ,
ਵੇਖਣ ਨੂੰ ਹੀ ਸਿੱਧਰਾ ਲੱਗਦਾਂ, ਏਨਾ ਵੀ ਸ਼ੌਦਾਈ ਨਹੀਂ।

ਵਤਨ ਮੇਰਾ ਬਰਬਾਦ ਕਰਦਿਓ, ਇਹ ਗੱਲ ਚੇਤੇ ਰੱਖ ਲੈਣਾ,
ਮਨ ਦੀ ਖੋਟ ਸਮਝਦੇ ਲੋਕਾਂ, ਹੁਣ ਚੱਲਣੀ ਚਤੁਰਾਈ ਨਹੀਂ।

ਚੋਰਾਂ ਦੇ ਹੱਥ, ਡਾਂਗਾਂ ਦੇ ਗ਼ਜ਼, ਸੁਣਦੇ ਸਾਂ, ਅੱਜ ਵੇਖ ਲਏ,
ਪਹਿਰੇਦਾਰ ਬਰਾਬਰ ਦੋਸ਼ੀ, ਜਿਸ ਰਾਖੀ ਕਰਵਾਈ ਨਹੀਂ।

ਪੌਣੀ ਸਦੀ ਗੁਜ਼ਾਰਨ ਮਗਰੋਂ ਕੱਚੇ ਵਿਹੜੇ ਪੁੱਛਦੇ ਨੇ ,
ਹੁਕਮਰਾਨ ਜੀ, ਉਹ ਆਜ਼ਾਦੀ ਸਾਡੇ ਘਰ ਕਿਉਂ ਆਈ ਨਹੀਂ?

ਮਨ ਪਰਦੇਸੀ / 93