ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/95

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ ਵਾਲਿਆ ਜਾਹ ਨਾ ਬੀਬਾ, ਇੱਕ ਵਾਰੀ ਫਿਰ ਮੇਰਾ ਹੋ ਜਾ।
ਦਿਲ ਡੁੱਬ ਚੱਲਿਐ ਵਿੱਚ ਹਰੇ, ਮੁੜ ਕੇ ਸੁਰਖ਼ ਸਵੇਰਾ ਹੋ ਜਾ।

ਜੋ ਕੁਝ ਹੋਇਆ ਬੀਤਿਆ ਛੱਡਦੇ ਲੀਕਾਂ ਪਿੱਟਣ ਦਾ ਕੀ ਫ਼ਾਇਦਾ,
ਮੈਂ ਵੀ ਮਨ ਨੂੰ ਇਹ ਸਮਝਾਇਐ ਸਿਰ ਪੈਰੋਂ ਸਭ ਤੇਰਾ ਹੋ ਜਾ।

ਮਾਣਕ ਜਨਮ ਅਮੋਲਕ ਹੀਰਾ, ਰੁੱਸਿਆਂ ਰੁੱਸਿਆਂ ਬੀਤ ਨਾ ਜਾਵੇ,
ਦਿਲ ਦਰਵਾਜ਼ੇ ਖੋਲ੍ਹ ਪਿਆਰੇ, ਮੁੜ ਸੱਜਣਾਂ ਦਾ ਡੇਰਾ ਹੋ ਜਾ।

ਪਹਿਲਾਂ ਕਿਲ੍ਹੇ ਉਸਾਰ ਹਵਾਈ, ਫਿਰ ਉਹਦੀ ਰਖਵਾਲੀ ਕਰਦੈ,
ਮੇਰੀ ਮੰਨ ਲੈ , ਦੀਵੇ ਖ਼ਾਤਰ, ਕੱਚੇ ਘਰੀਂ ਬਨੇਰਾ ਹੋ ਜਾ।

ਅਗਨੀ ਦਾ ਵਣਜਾਰਾ ਬਣ ਕੇ, ਫਿਰੇਂ ਭਟਕਦਾ ਆਲਮਗੀਰਾ,
ਬਾਗ ਬਗੀਚੇ ਸਾੜਨ ਦੀ ਥਾਂ, ਧਰਤੀ ਪੁੱਤ ਫੁਲੇਰਾ ਹੋ ਜਾ।

ਦਹਿਸ਼ਤ ਔਫ਼ ਸਹਿਮ ਦੇ ਇੱਕੋ ਨੁਕਤੇ ਅੰਦਰ ਸਿਮਟ ਗਿਆ ਏਂ,
ਫੈਲ ਗੁਲਾਬੀ ਮਹਿਕ ਵਾਂਗਰਾਂ, ਬਿੰਦੂ ਦੀ ਥਾਂ ਘੇਰਾ ਹੋ ਜਾ।

ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ, ਜੇ ਵਿਸ਼ਵਾਸ ਪਕੇਰਾ ਹੋਵੇ,
ਸਰਬ ਸ਼ਕਤੀਆਂ ਤੇਰੇ ਅੰਦਰ, ਬੇਹਿੰਮਤੀ ਛੱਡ, ਜੇਰਾ ਹੋ ਜਾ।


ਮਨ ਪਰਦੇਸੀ / 95