ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/97

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆਰ ਦੇ ਰਾਹ ਵਿੱਚ ਦੱਸੋ ਤਾਂ ਸਹੀ ਕਿਸਨੂੰ ਨਹੀਂਉਂ ਦਰਦ ਮਿਲੇ।
ਵੱਖਰੀ ਗੱਲ ਹੈ, ਵਣ ਹਰਿਆਲੇ, ਬਣ ਕੇ ਕੁਝ ਹਮਦਰਦ ਮਿਲੇ।

ਸਿਰ ਤੇ ਸੂਰਜ ,ਤਪਦੀ ਧਰਤੀ,ਜਦ ਪੈਰਾਂ ਵਿੱਚ
ਬਹੁਤੀ ਵਾਰੀ, ਕੋਲ ਖੜ੍ਹੇ ਨਾ, ਜਿੰਨੇ ਰਿਸ਼ਤੇ, ਸਰਦ ਮਿਲੇ।

ਮੈਂ ਮਿੱਠੇ ਖਰਬੂਜ਼ੇ ਵਾਂਗੂ ਜਿੰਨ੍ਹਾਂ ਸਨਮੁਖ ਹਾਜ਼ਰ ਸੀ,
ਚਾਕੂ , ਤੇਜ਼ ਕਟਾਰ ਕਦੇ ਕੁਝ ਬਣ ਕੇ ਮੈਨੂੰ ਕਦ ਮਿਲੇ।

ਕਾਲੇ ਮੈਡੇ ਕੱਪੜੇ ਭਾਵੇ, ਚਿੱਟੇ ਵਸਤਰ ਪਾ ਤੁਰਿਆ,
ਸਮਝ ਪਵੇ ਨਾ ਸਾਰੇ ਰਾਹੀਂ, ਮਗਰੇ ਉੱਡਦੀ ਗਰਦ ਮਿਲੇ।

ਚੂਸ ਗਿਆ ਰੱਤ ਚੰਦਰਾ ਮੌਸਮ, ਸੁਰਖ਼ ਗੁਲਾਬ ਦੀ ਵਾੜੀ ਦਾ,
ਮੇਰੇ ਦੇਸ ਪੰਜਾਬ ਦਾ ਚਿਹਰਾ, ਪੀਲਾ ਭੂਕ ਤੇ ਜ਼ਰਦ ਮਿਲੇ।

ਕੁਰਸੀ ਤੇ ਭਗਵਾ ਜਾਂ ਸੂਹਾ, ਨੀਲਾ ਪੀਲਾ ਜੋ ਬਹਿੰਦਾ,
ਜਿੱਤਣ ਲਈ ਸ਼ਤਰੰਜ ਦੀ ਬਾਜ਼ੀ, ਰੰਗ ਬਰੰਗੀ ਨਰਦ ਮਿਲੇ।

ਵਕਤ ਉਡੀਕ ਰਿਹਾ ਏ ਚਿਰ ਤੋਂ,ਰੂਹ ਦਾ ਦਰਦ ਨਿਵਾਰਨ ਲਈ,
ਮੋਈ ਮਿੱਟੀ ਜਾਗ ਪਵੇ ਇਹ, ਫੇਰ ਅਗੰਮੜਾ ਮਰਦ ਮਿਲੇ।

ਮਨ ਪਰਦੇਸੀ / 97