ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/98

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਾਦ ਤੇਰੀ ਦਾ ਚਾਨਣ ਏਨਾ, ਹਰ ਪਲ ਜਿਵੇਂ ਸਵੇਰਾ ਹੋਵੇ।
ਸੂਰਜ ਰੰਗੀਏ, ਤੈਨੂੰ ਡਿੱਠਿਆਂ, ਰੂਹ ਚਾਨਣ ਦਾ ਡੇਰਾ ਹੋਵੇ।

ਮਹਿਕਦੀਏ ਚੰਬੇ ਦੀ ਕਲੀਏ , ਮੇਰੇ ਧੁਰ ਅੰਦਰ ਖੁਸ਼ਬੋਈਏ ,
ਜਿਹੜੀ ਥਾਂ ਤੂੰ ਹਾਜ਼ਰ ਨਾਜ਼ਰ ਓਥੇ ਕਿਵੇਂ ਹਨੇਰਾ ਹੋਵੇ।

ਰਹਿਮਤ ਦਾ ਮੀਂਹ ਵਰ੍ਹਿਆ ਰਜ ਕੇ, ਪਲ ਅਣਮੁੱਲੇ ਪੈ ਗਏ ਝੋਲੀ,
ਇਹ ਵਿਸਮਾਦ ਖ਼ਜ਼ਾਨਾ ਸਾਂਝਾ, ਨਾ ਤੇਰਾ ਨਾ ਮੇਰਾ ਹੋਵੇ।

ਤੇਰੇ ਦਿਲ ਦੀ ਤਖ਼ਤੀ ਉੱਤੇ, ਸੁਣਿਆ ਹੈ ਕਿ ਮੈਂ ਵੀ ਹਾਜ਼ਰ,
ਟਿਮਕਣਿਆਂ ਦੀ ਹਸਤੀ ਵੱਡੀ, ਹਰ ਬਿੰਦੂ ਦਾ ਘੇਰਾ ਹੋਵੇ।

ਜਦ ਵੀ ਯਾਦ ਕਰਾਂ ਮਿਲ ਜਾਵੇਂ, ਲੱਖ ਸ਼ੁਕਰਾਨਾ ਮਹਿਕਵੰਤੀਏ,
ਚਿਤਵਦਿਆਂ ਰੂਹ ਚਾਨਣ ਚਾਨਣ ਨੂਰੋ ਨੂਰ ਬਨੇਰਾ ਹੋਵੇ।

ਤੁਰ ਜਾਵੇਂ ਦਿਲ ਡੋਰੇ ਖਾਵੇ, ਦਿਸ ਜਾਵੇਂ ਮਨ ਹੋਵੇ ਬਿਹਬਲ,
ਦਿਲ ਦੀ ਬਾਤ ਸੁਣਾਵਾਂ ਨੂੰ, ਇਹ ਨਾ ਮੈਥੋਂ ਜੇਰਾ ਹੋਵੇ।

ਮਨ ਮੇਰੇ ਦਾ ਬਾਗ ਬਗੀਚਾ, ਖਿੜਦੈ ਫਿਰ ਮੁਰਝਾ ਹੈ ਜਾਂਦਾ,
ਟਾਹਣੀ ਤੇ ਫੁੱਲ ਕੰਬਦੇ ਰਹਿੰਦੇ, ਵੈਰੀ ਜਿਵੇਂ ਫੁਲੇਰਾ ਹੋਵੇ।

ਮਨ ਪਰਦੇਸੀ / 98