ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਮੀ ਕਸੈਣ, ਸੋਭਾ, ਨੰਦ ਕੁਰ ਨੈਣ
ਵੀਰੋ, ਫੱਤੀ ਹਲਵੈਣ
ਡੋਰੇ ਕਜਲੇ ਦੇ ਪਾਉਂਦੀਆਂ।
ਬਾਹਮਣੀ ਬਲਾਸੋ, ਸੈਦਾਂ, ਸੰਤੀ ਤੇ ਆਸੋ
ਅੱਲਾ ਦਿੱਤੀ ਵੀ ਮਰਾਸੋ
ਗੀਤ ਟੋਲੀ ਬੰਨ੍ਹ ਗਾਉਂਦੀਆਂ।

(ਪੂਰਨ ਰਾਮ)

ਲਗਰਾਂ ਵਰਗੀਆਂ ਮੁਟਿਆਰਾਂ ਰਾਵੀ ਦੇ ਪੱਤਣਾਂ ਨੂੰ ਅੱਗ ਲਾਉਂਦੀਆਂ ਹੋਈਆਂ ਲਾਹੌਰ ਜਾ ਵੜੀਆਂ। ਪੇਂਡੂ ਹੁਸਨ ਝਲਕਾਂ ਮਾਰਦਾ ਪਿਆ ਸੀ-ਗੋਦੜੀ ਦੇ ਲਾਲ ਦਗ-ਦਗ ਪਏ ਕਰਦੇ ਸਨ। ਸਾਰੇ ਦਾ ਸਾਰਾ ਬਾਜ਼ਾਰ ਝੂਮਦਾ ਪਿਆ ਸੀ।

ਬਾਣੀਆਂ ਦੇ ਦਿਲ ਧੂੰਹਦੀ ਇਹ ਟੋਲੀ ਇੰਦਰ ਬਜ਼ਾਜ ਦੀ ਹੱਟੀ ਤੇ ਜਾ ਪੁੱਜੀ! ਇੰਦਰ ਨੇ ਬੇਗੋ ਦਾ ਟਹਿਕਦਾ ਮੁਖੜਾ ਤੱਕਿਆ-ਉਹ ਬੇਗੋ ਦਾ ਹੋ ਗਿਆ:

ਦੇਖਿਆ ਸਰੂਪ ਜਦੋਂ ਬੇਗੋ ਨਾਰ ਦਾ
ਭੁੱਲ ਗਿਆ ਸੌਦਾ ਦਿਲ 'ਚ ਵਿਚਾਰਦਾ!
ਆਖਦਾ ਇੰਦਰ ਏਸ ਦਾ ਕੀ ਨਾਮ ਨੀ
ਕੀਹਦੇ ਘਰ ਉੱਤਰੀ ਉਤਾਰ ਕਾਮਨੀ!
ਨਾਰੀਆਂ ਕਹਿਣ, "ਦੱਸੀਏ ਜੇ ਨਾਮ ਵੇ
ਫੇਰ ਕੀ ਤੂੰ ਸੌਦਾ ਦੇਵੇਂ ਬਿਨਾਂ ਦਾਮ ਵੇ।"
"ਬੈਠੀ ਜੋ ਵਿਚਾਲੇ ਇਹਦਾ ਦੱਸੋ ਨਾਮ ਨੀ
ਸੌਦਾ ਲੈ ਲੋ ਕੋਈ ਮੰਗਦਾ ਨੀ ਦਾਮ ਨੀ।"
"ਬੇਗੋ", ਇਹਦਾ ਨਾਮ ਸਾਰੀਆਂ ਨੇ ਦੱਸਿਆ
ਸੁਣਕੇ ਇੰਦਰ ਖਿੜ-ਖਿੜ ਹੱਸਿਆ।
ਕੇਰਾਂ ਆਖ ਦੇਵੇ ਬੇਗੋ ਮੁੱਖੋਂ ਬੋਲਕੇ
ਜਿਹੜੀ ਚੀਜ਼ ਮੰਗੋ ਸੋਈ ਦੇਵਾਂ ਤੋਲ ਕੇ! (ਪੂਰਨ ਰਾਮ)

ਇੰਦਰ ਦੀ ਦੁਕਾਨ ਮੁਟਿਆਰ ਹਾਸਿਆਂ ਨਾਲ਼ ਛਣਕ ਰਹੀ ਸੀ। ਮੁਟਿਆਰਾਂ ਹੱਸ-ਹੱਸ ਦੂਹਰੀਆਂ ਹੋ ਰਹੀਆਂ ਸਨ ਪਰੰਤੁ ਬੇਗੋ ਸ਼ਰਮਾਂਦੀ ਪਈ ਸੀ, ਸੁੰਗੜਦੀ ਪਈ ਜਾਂਦੀ ਸੀ।

"ਅੜਿਆ ਆਖ ਦੇ ਖਾਂ, ਤੇਰਾ ਕਿਹੜਾ ਮੁੱਲ ਲੱਗਦੈ।" ਕੇਸਰੀ ਦੀ ਨੀਤ ਟਾਸੇ ਦੇ ਥਾਨ ਤੇ ਫਿੱਟੀ ਹੋਈ ਸੀ।

"ਮੇਰੇ ਵੱਲੋਂ ਤਾਂ ਬਾਣੀਆਂ ਸਾਰੀ ਦੁਕਾਨ ਲੁਟਾ ਦੇਵੇ, ਮੈਨੂੰ ਕੀ।"

ਬੇਗੋ ਦੇ ਸ਼ਹਿਦ ਜਹੇ ਮਿੱਠੇ ਬੋਲ ਇੰਦਰ ਦੇ ਕੰਨੀਂ ਪਏ! ਉਹ ਮੁਸਕਰਾਇਆ ਤੇ ਸਾਰੀ ਦੁਕਾਨ ਮੁਟਿਆਰਾਂ ਦੇ ਹਵਾਲੇ ਕਰ ਦਿੱਤੀ। ਉਹ ਬਿਨਾਂ ਦਾਮਾਂ ਤੋਂ ਆਪਣੀ ਮਰਜ਼ੀ ਦਾ ਕੱਪੜਾ ਲੈ ਰਹੀਆਂ ਸਨ। ਇੰਦਰ ਤਾਂ ਆਪਣੇ ਪਿਆਰੇ ਦੇ ਬੋਲ ਪੁਗਾ ਰਿਹਾ ਸੀ। ਸਾਰਾ ਬਾਜ਼ਾਰ ਏਸ ਜਨੂਨੀ ਆਸ਼ਕ ਵਲ ਤੱਕ-ਤੱਕ ਮੁਸਕਰਾਂਦਾ ਪਿਆ

99/ਮਹਿਕ ਪੰਜਾਬ ਦੀ