ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇਗੋ ਹੋਰੀਂ ਆਪਣੇ ਪਿੰਡ ਨੂੰ ਮੁੜ ਪਈਆਂ। ਇੰਦਰ ਹਾਲੋਂ ਬੇਹਾਲ ਹੋਇਆ ਉਹਨਾਂ ਦੇ ਮਗਰ ਰਾਵੀ ਦੇ ਪੁਲ ਤੇ ਜਾ ਪੁੱਜਾ। ਉਸ ਬੇਗੋ ਅੱਗੇ ਜਾ ਝੋਲੀ ਅੱਡੀ, "ਬੇਗੋ ਤੂੰ ਮੈਨੂੰ ਛੱਡ ਕੇ ਕਿਧਰ ਨੂੰ ਟੁਰ ਪਈ ਸੈਂ! ਮੈਂ ਤੇਰੇ ਬਿਨਾਂ ਕੱਲਾ ਕਿਵੇਂ ਰਹਿ ਸਕਦਾ ਹਾਂ। ਮੈਂ ਹੁਣ ਤੇਰੇ ਨਾਲ਼ ਹੀ ਚੱਲਾਂਗਾ, ਤੇਰੀ ਚਾਕਰੀ ਕਰਾਂਗਾ।"

ਮੁਟਿਆਰਾਂ ਨੂੰ ਹੁਣ ਖਹਿੜਾ ਛੁਡਾਉਣਾ ਔਖਾ ਹੋ ਗਿਆ ਸੀ!

"ਇੰਦਰਾ ਪਿਛਾਂਹ ਮੁੜ ਜਾ, ਸਾਡੇ ਮਗਰ ਨਾ ਆਈਂ। ਬੇਗੋ ਦੇ ਬਾਪ ਨੂੰ ਤੂੰ ਨਹੀਂ ਜਾਣਦਾ-ਤੇਰੇ ਟੋਟੇ-ਟੋਟੇ ਕਰਕੇ ਉਹਨੇ ਸਾਹ ਲੈਣੈ!" ਬਲਾਸੋ ਨੇ ਡਰਾਵਾ ਦਿੱਤਾ!

ਪਰੰਤੂ ਇੰਦਰ ਤਾਂ ਆਪਣੇ ਆਪ ਨੂੰ ਬੇਗੋ ਦੇ ਹਵਾਲੇ ਕਰ ਚੁੱਕਾ ਸੀ। ਇਕ ਬੇਗੋ ਸੀ ਜੀਹਦੇ ਹਿਰਦੇ ਵਿੱਚ ਇੰਦਰ ਲਈ ਕਣੀ ਮਾਤਰ ਵੀ ਪ੍ਰੇਮ ਨਹੀਂ ਸੀ ਜਾਗਿਆ। ਇਕ ਇੰਦਰ ਸੀ ਜਿਹੜਾ ਬੇਗੋ ਲਈ ਸੱਭੇ ਤਸੀਹੇ ਝੱਲਣ ਲਈ ਤਿਆਰ ਸੀ:

ਬੇਗੋ ਮਾਰੇ ਜੁੱਤੀਆਂ,
ਫੁੱਲਾਂ ਦੇ ਸਮਾਨ ਜਾਣੂੰ
ਬੇਗੋ ਤਨ ਚਾਹੇ ਮੇਰਾ
ਆਰੇ ਨਾਲ਼ ਚੀਰ ਦੇ।
ਮਹੀਂਵਾਲ ਸੋਹਣੀ ਪਿੱਛੇ,
ਮਹੀਂਵਾਲ ਬਣਿਆਂ ਸੀ।
ਕੰਨ ਪੜਵਾਏ ਰਾਂਝੇ ਪਿੱਛੇ
ਜੱਟੀ ਹੀਰ ਦੇ
ਲੁਹਾਰ ਫਰਿਹਾਦ,
ਤੇਸਾ ਮਾਰ ਮੋਇਆ ਪੇਟ ਵਿੱਚ
ਰੁੜ੍ਹੀ ਆਵੇ ਲੋਥ,
ਵਿੱਚ ਨਹਿਰ ਵਾਲ਼ੇ ਨੀਰ ਦੇ।
ਬੇਗੋ ਨਾਲ਼ ਜਾਊਂ,
ਕਹੇ ਇੰਦਰ ਨਰੈਣ ਸਿੰਘਾ
ਟੋਟੇ-ਟੋਟੇ ਕਰ ਚਾਹੇ ਸੁੰਦਰ ਸਰੀਰ ਦੇ।

ਡੁੱਬ ਰਹੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਲਹਿਲਹਾਂਦੇ ਪਾਣੀ ਵਿੱਚ ਕੇਸਰ ਘੋਲ਼ ਰਹੀਆਂ ਸਨ। ਚਹਿਚਹਾਂਦੇ ਪੰਛੀ ਆਪਣੇ ਰੈਣ ਬਸੇਰਿਆਂ ਨੂੰ ਪਰਤ ਰਹੇ ਸਨ। ਮਨਚਲੀਆਂ ਮੁਟਿਆਰਾਂ ਦੀ ਟੋਲੀ ਇੰਕ ਅਣੋਖੀ ਉਲਝਣ ਵਿੱਚ ਫਸੀ ਖੜੀ ਸੀ। ਲਟ-ਲਟ ਜਲ਼ ਰਹੀ ਹੱਟੀ ਦੇ ਚੰਘਿਆੜੇ ਅਜੇ ਵੀ ਉਹਨਾਂ ਦੇ ਕੰਨਾਂ ਵਿੱਚ ਚਿੜ-ਚਿੜ ਕਰ ਰਹੇ ਸਨ। ਹਜ਼ਾਰਾਂ ਦੀ ਹੱਟੀ ਦਾ ਮਾਲਕ ਕੰਗਾਲ ਹੋਇਆ ਉਹਨਾਂ ਦੇ ਸਾਹਮਣੇ ਖੜਾ ਹੁਸਨ ਦੀ ਹੱਟੀ ਤੋਂ ਖ਼ੈਰਾਤ ਮੰਗ ਰਿਹਾ ਸੀ। ਬੇਗੋ ਦੀ ਮਾਨਸਿਕ

101/ਮਹਿਕ ਪੰਜਾਬ ਦੀ