ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਤਪਸ਼ ਠਾਰਦਾ ਹੈ।

ਇਕ ਦਿਨ ਸੋਹਣਾ ਹੀਆ ਕਰਕੇ ਡੇਰੇ ਵਿੱਚ ਜਾ ਵੜਿਆ। ਉਸ ਮਿੰਨਤਾਂ ਤਰਲੇ ਕਰਕੇ ਸਮਰਨਾਥ ਨੂੰ ਆਖਿਆ ਕਿ ਉਹ ਉਹਨੂੰ ਆਪਣੇ ਕੋਲ ਖੋਤੇ ਚਾਰਨ ’ਤੇ ਰੱਖ ਲਵੇ। ਸਮਰਨਾਥ ਬੜੇ ਨਰਮ ਹਿਰਦੇ ਵਾਲ਼ਾ ਪੁਰਸ਼ ਸੀ। ਉਹਨੂੰ ਉਹਦੇ ਮੁਰਝਾਏ ਚਿਹਰੇ 'ਤੇ ਤਰਸ ਆ ਗਿਆ। ਸੋਹਣੇ ਨੂੰ ਡੇਰੇ ਦੇ ਖੋਤੇ ਚਾਰਨ ’ਤੇ ਰੱਖ ਲਿਆ ਗਿਆ। ਪਿਆਰੇ ਲਈ ਤਾਂ ਉਹ ਸਭ ਕੁਝ ਕਰ ਸਕਦਾ ਸੀ।

ਖੋਤੇ ਚਾਰਦਿਆਂ ਸੋਹਣੇ ਨੂੰ ਪੂਰਾ ਵਰ੍ਹਾ ਬਤੀਤ ਹੋ ਗਿਆ ਪ੍ਰੰਤੂ ਜ਼ੈਨੀ ਅੱਗੇ ਉਹ ਆਪਣੇ ਮਨ ਦੀ ਘੁੰਡੀ ਨਾ ਖੋਲ੍ਹ ਸਕਿਆ।

ਇਕ ਦਿਨ ਜਦ ਸ਼ਾਮਾਂ ਢਲ ਰਹੀਆਂ ਸਨ, ਜ਼ੈਨੀ ਕਲਮ ਕੱਲੀ ਜੰਗਲ ਵਿੱਚੋਂ ਪਾਣੀ ਲੈਣ ਵਾਸਤੇ ਆਈ। ਸੋਹਣਾ ਪਾਣੀ ਭਰੇਂਦੀ ਜ਼ੈਨੀ ਪਾਸ ਪੁੱਜਿਆ ਤੇ ਹੌਸਲਾ ਕਰਕੇ ਬੋਲਿਆ, "ਜੈਨੀਏਂ।"

ਜੈਨੀ ਤ੍ਰਬਕ ਗਈ। ਉਸ ਵੇਖਿਆ ਸੋਹਣਾ ਉਹਦੇ ਵੱਲ ਬਿਟਰ-ਬਿਟਰ ਝਾਕ ਰਿਹਾ ਸੀ।

"ਕੀ ਗੱਲ ਐ ਵੇ?"
"ਜ਼ੈਨੀਏਂ ਮੈਂ ਤੇਰੇ ਪਿੱਛੇ ਪਾਗਲ ਹੋ ਗਿਆ ਹਾਂ। ਮੈਂ ਆਪਣਾ ਘਰ-ਬਾਰ ਛੱਡ ਕੇ ਤੇਰੇ ਅੱਗੇ ਖ਼ੈਰ ਮੰਗੀ ਏ। ਮੇਰੀ ਝੋਲੀ ਵਿੱਚ ਖ਼ੈਰ ਪਾ ਦੇ ਜ਼ੈਨੀਏਂ।" ਸੋਹਣੇ ਪੱਲਾ ਅੱਡਿਆ।

"ਵੇ ਮੂੰਹ ਸੰਭਾਲ ਕੇ ਗੱਲ ਕਰ।" ਜ਼ੈਨੀ ਕੜਕ ਕੇ ਬੋਲੀ ਅਤੇ ਗਾਗਰ ਸਿਰ 'ਤੇ ਰੱਖ ਕੇ ਖੜ੍ਹੀ ਹੋ ਗਈ।

"ਜ਼ੈਨੀਏਂ ਮੈਂ ਤੇਰੀ ਖ਼ਾਤਰ ਖੋਤੇ ਚਾਰ ਰਿਹਾ ਹਾਂ। ਤੇਰੀ ਖ਼ਾਤਰ ਆਪਣਾ ਪਿਆਰਾ ਬਾਪ ਅਤੇ ਦੋਨੋਂ ਸੋਹਣੇ ਭਰਾ ਛੱਡ ਕੇ ਆਇਆ ਹਾਂ। ਅਮੀਰੀ ਛੱਡ ਕੇ ਫਕੀਰੀ ਧਾਰਨ ਕੀਤੀ ਏ। ਜ਼ੈਨੀਏਂ। ਮੈਂ ਤੇਰੇ ਪਿਆਰੇ ਬੋਲਾਂ ਲਈ ਸਹਿਕ ਰਿਹਾ ਹਾਂ।" ਸੋਹਣਾ ਤਰਲੇ ਲੈ ਰਿਹਾ ਸੀ।

"ਨਮਕ ਹਰਾਮੀਆਂ, ਤੇਰੀ ਇਹ ਮਜ਼ਾਲ। ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਅੱਜ ਡੇਰੇ ਚਲ ਕੇ ਤੇਰੀ ਕਰਵਾਉਂਦੀ ਹਾਂ ਜੁੱਤੀਆਂ ਨਾਲ਼ ਮੁਰੰਮਤ।" ਇਹ ਆਖ ਜ਼ੈਨੀ ਡੇਰੇ ਨੂੰ ਤੁਰ ਪਈ।

ਸੋਹਣੇ ਦੀ ਤਪੱਸਿਆ ਅਜੇ ਪੂਰੀ ਨਹੀਂ ਸੀ ਹੋਈ। ਪ੍ਰੀਤਮ ਦੇ ਦਿਲ ਵਿੱਚ ਅਜੇ ਉਪਾਸ਼ਕ ਲਈ ਥਾਂ ਨਹੀਂ ਸੀ ਬਣਿਆਂ। ਸੋਹਣਾ ਡਰਦਾ-ਡਰਦਾ ਕਾਫ਼ੀ ਹਨੇਰਾ ਹੋਏ ’ਤੇ ਡੇਰੇ ਆਇਆ। ਉਸ ਨੂੰ ਕਿਸੇ ਨੇ ਕੁਝ ਨਾ ਆਖਿਆ। ਜ਼ੈਨੀ ਨੇ ਡੇਰੇ ਆ ਕਿਸੇ ਅੱਗੇ ਗੱਲ ਨਹੀਂ ਸੀ ਕੀਤੀ।

ਕਈ ਮਹੀਨੇ ਗੁਜ਼ਰ ਗਏ। ਇਕ ਦਿਨ ਫਿਰ ਜ਼ੈਨੀ ਸੋਹਣੇ ਨੂੰ ਜੰਗਲ ਵਿੱਚ ਕੱਲੀ ਟੱਕਰ ਗਈ। ਸੋਹਣੇ ਝੋਲੀ ਅੱਡੀ, ਦਾਨੀ ਆਪ ਮੰਗਤਾ ਬਣ ਗਿਆ:

ਸੋਹਣੇ ਦਰਦੀ ਹਾਲ ਦਰਦ ਦਾ
ਦਰਦੋਂ ਆਖ ਸੁਣਾਇਆ

105/ਮਹਿਕ ਪੰਜਾਬ ਦੀ