ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੁੱਖ ਬੰਦ

ਮੈਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਈ ਹੈ ਕਿ ਪਿਛਲੇ 50 ਵਰ੍ਹਿਆਂ ਤੋਂ ਲੋਕ ਸਾਹਿਤ ਦੀ ਖੋਜ, ਟਕਸਾਲੀ ਸਰੂਪ ਵਿੱਚ ਪ੍ਰਕਾਸ਼ਨ ਅਤੇ ਉਸ ਦੇ ਅਧਿਐਨ ਅਤੇ ਅਧਿਆਪਨ ਦੇ ਖੇਤਰ ਵਿੱਚ ਜਾਣੇ ਪਛਾਣੇ ਲੇਖਕ ਵੀਰ ਸ਼੍ਰੀ ਸੁਖਦੇਵ ਮਾਦਪੁਰੀ ਨੇ ਕਿਸਾਨੀ ਲੋਕ ਸਾਹਿਤ ਦਾ ਇਕ ਵਿਸ਼ਾਲ ਸੰਗ੍ਰਹਿ ਤਿਆਰ ਕੀਤਾ ਹੈ। ਇਹ ਪੁਸਤਕ ਯਕੀਨਨ ਕਿਸਾਨੀ ਜਨਜੀਵਨ, ਉਸ ਦੀ ਸੋਚਧਾਰਾ ਅਤੇ ਵਿਕਾਸ ਰੇਖਾ ਦੀ ਨਿਸ਼ਾਨਦੇਹੀ ਕਰੇਗੀ।

ਮਨੁੱਖ ਇਸ ਧਰਤੀ ਤੇ ਆਉਣ ਤੋਂ ਬਾਅਦ ਪਹਿਲਾਂ ਜੰਗਲੀ ਸੀ, ਫਿਰ ਚਰਵਾਹਾ ਬਣਿਆਂ ਅਤੇ ਜਦ ਉਸ ਨੂੰ ਆਪਣੀ ਅਕਲ ਵਰਤਣ ਦੀ ਜਾਚ ਆਈ ਤਾਂ ਉਹ ਧਰਤੀ ਵਿੱਚ ਦਾਣੇ ਬੀਜ ਕੇ ਖੇਤੀਬਾੜੀ ਦੇ ਕੰਮ ਵਿੱਚ ਲਗ ਗਿਆ। ਮਨੁੱਖੀ ਵਿਕਾਸ ਦੀ ਕਹਾਣੀ ਵਿੱਚ ਮਨੁੱਖ ਦਾ ਧਰਤੀ ਵਿੱਚੋਂ ਅਨਾਜ ਪੈਦਾ ਕਰਨ ਦੇ ਰਾਹ ਤੁਰਨਾ ਬਹੁਤ ਅਹਿਮ ਪੜਾਅ ਹੈ। ਸਾਡੇ ਧਰਮ ਗ੍ਰੰਥਾਂ ਵਿੱਚ ਕਿਸਾਨੀ ਦਾ ਬਾਰ-ਬਾਰ ਚੰਗਾ ਜ਼ਿਕਰ ਆਉਂਦਾ ਹੈ। ਅਸੀਂ ਆਮ ਜ਼ਿੰਦਗੀ ਵਿੱਚ ਵੀ ਕਿਸਾਨ ਨੂੰ ਦਾਤੇ ਦੇ ਰੂਪ ਵਿੱਚ ਵੇਖਦੇ ਹਾਂ-ਸਿਦਕੀ ਸੂਰਮਾ ਜੋ ਆਪਣੀ ਕਿਸਮਤ ਸਿਆੜਾਂ ਵਿੱਚ ਬੀਜ ਕੇ ਛੇ ਮਹੀਨੇ ਫ਼ਲ ਦੀ ਉਡੀਕ ਵਿੱਚ ਬੈਠ ਜਾਂਦਾ ਹੈ। ਅਨੇਕਾਂ ਦੁਸ਼ਮਣਾਂ ਵਿੱਚ ਘਿਰਿਆ ਹੋਇਆ ਸੂਰਮਾ ਜਿਸ ਨੂੰ ਕਦੇ ਕੁਦਰਤ ਮਾਰਦੀ ਹੈ, ਕਦੇ ਸਮਾਜਿਕ ਕਾਰ-ਵਿਹਾਰਾਂ ਦੇ ਖ਼ਰਚੇ ਅਤੇ ਸ਼ਾਹੂਕਾਰ। ਸਮਾਜਿਕ ਚਲਾਕੀਆਂ ਤੋਂ ਬੇ-ਖ਼ਬਰ ਕਿਸਾਨ ਦੀ ਜ਼ਿੰਦਗੀ ਨੂੰ ਲੋਕ ਸਾਹਿਤ ਨੇ ਬੜੀ ਇਮਾਨਦਾਰੀ ਨਾਲ਼ ਸੰਭਾਲਿਆ ਹੈ। ਉਹ ਖ਼ਤਰਿਆਂ ਭਰਪੂਰ ਜ਼ਿੰਦਗੀ ਜਿਉਣੀ ਜਾਣਦਾ ਹੈ। ਸ਼ਾਇਦ ਇਸੇ ਕਰਕੇ ਉਸ ਦੀ ਜੀਵਨ ਧਾਰਾ ਆਦਿ ਕਾਲ ਤੋਂ ਹੀ ਕਿਸੇ ਬੰਧੇਜ਼ ਵਿੱਚ ਨਹੀਂ ਬੱਝਦੀ ਅਤੇ ਉਸ ਦਾ ਅਮੋੜ ਵੇਗ ਉਸ ਨੂੰ ਭਰ ਵਗਦੇ ਦਰਿਆ ਵਰਗੀ ਸੂਰਤ ਪ੍ਰਦਾਨ ਕਰਦਾ ਹੈ।

ਸਮੇਂ ਦੇ ਬਦਲਣ ਨਾਲ਼ ਖੇਤੀ ਅਧਾਰਿਤ ਹੋਰ ਜ਼ਾਤਾਂ-ਗੋਤਾਂ ਦੇ ਲੋਕਾਂ ਨੇ ਵੀ ਉਸ ਦੀ ਜ਼ਿੰਦਗੀ ਨੂੰ ਸਾਥ-ਸਹਿਯੋਗ ਦਿੱਤਾ। ਜਿਸ ਸਦਕਾ ਪਿੰਡ ਇਕ ਸੰਪੂਰਣ ਇਕਾਈ ਬਣ ਗਿਆ ਜਿਸ ਵਿੱਚ ਉਸ ਦੇ ਖੇਤੀ ਸੰਦਾਂ ਨੂੰ ਬਣਾਉਣ ਅਤੇ ਵਿਗੜਨ ਤੇ ਸੰਵਾਰਨ ਲਈ ਲੁਹਾਰ ਤਰਖਾਣ ਉਸ ਦੀ ਧਿਰ ਬਣੇ। ਉਸ ਦੇ ਪਹਿਨਣ ਲਈ ਘਰ ਦੀ ਕਪਾਹ ਦਾ ਸੂਤ ਬਣਾਉਣ ਵਾਲੇ ਜੁਲਾਹੇ ਉਸ ਦੇ ਤਨ ਦਾ ਵਸਤਰ ਬਣੇ। ਉਸ ਨੂੰ ਪਿੰਡ ਵਿੱਚ ਵਸਦੇ ਘੁਮਿਆਰ, ਨਾਈ, ਛੀਬੇ, ਤੇਲੀ ਅਤੇ ਝਿਉਰ ਵਰਗੀਆਂ ਬਾਹਾਂ ਮਿਲੀਆਂ। ਉਸ ਦਾ ਮਨੋਰੰਜਨ ਕਰਨ ਅਤੇ ਵਿਰਾਸਤੀ ਚੇਤਨਾ ਬਾਰ-ਬਾਰ ਤਿੱਖੀ ਕਰਨ ਲਈ ਡੂਮ ਅਤੇ ਮੀਰਾਸੀ ਸਨ। ਸਰੀਰਕ ਕਸਰਤਾਂ ਦੇ ਸਹਿਯੋਗੀ

9/ਮਹਿਕ ਪੰਜਾਬ ਦੀ