ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਕਾ ਪਰਤਾਪੀ

'ਕਾਕਾ ਪਰਤਾਪੀ' ਮਾਲਵੇ ਦੀ ਪ੍ਰਸਿੱਧ ਪ੍ਰੀਤ ਕਹਾਣੀ ਹੈ ਜੋ ਜ਼ਿਲਾ ਲੁਧਿਆਣੇ ਦੇ ਪਿੰਡ ਲੋਪੋਂ ਵਿਖੇ ਉਨੀਵੀਂ ਸਦੀ ਦੇ ਸਤਵੇਂ ਦਹਾਕੇ ਵਿਚ ਵਾਪਰੀ। ਇਸ ਪ੍ਰੇਮ ਕਹਾਣੀ ਨੂੰ ਈਸ਼ਰ ਸਿੰਘ, ਗੁਰਦਿੱਤ ਸਿੰਘ, ਛੱਜੂ ਸਿੰਘ ਅਤੇ ਗੋਕਲ ਚੰਦ ਆਦਿ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਰਾਹੀਂ ਬਿਆਨ ਕੀਤਾ ਹੈ। ਇਨ੍ਹਾਂ ਕਿੱਸਿਆਂ ਤੋਂ ਇਲਾਵਾ ਕਾਕਾ ਪਰਤਾਪੀ ਬਾਰੇ ਕਈ ਲੋਕ ਗੀਤ ਵੀ ਮਿਲਦੇ ਹਨ।

ਲੋਪੋਂ ਪਿੰਡ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ ਪਿੰਡੋਂ ਬਾਹਰ ਢੱਕੀ ਵਿੱਚ ਤੀਆਂ ਪਾ ਰਹੀਆਂ ਸਨ। ਲੋਪੋਂ ਦੇ ਨਾਲ਼ ਲਗਦੇ ਪਿੰਡ ਰੁਪਾਲੋਂ ਦੇ ਸਰਦਾਰਾਂ ਦਾ ਛੈਲ-ਛਬੀਲਾ ਗੱਭਰੂ, ਜ਼ੈਲਦਾਰ ਕਾਹਨ ਸਿੰਘ ਦਾ ਪੁੱਤਰ ਕਾਕਾ ਕਿਰਪਾਲ ਸਿੰਘ ਚੀਨੀ ਘੋੜੀ ’ਤੇ ਅਸਵਾਰ ਸ਼ਿਕਾਰ ਖੇਡਦਾ-ਖੇਡਦਾ ਢੱਕੀ ਵੱਲ ਆ ਨਿਕਲਿਆ। ਜਵਾਨੀ ਦੇ ਨਸ਼ੇ ਵਿੱਚ ਮੱਤੀਆਂ ਮੁਟਿਆਰਾਂ ਨੇ ਉਸ ਦਾ ਰਾਹ ਜਾ ਡੱਕਿਆ। ਹਾਸਿਆਂ ਤੇ ਮਖੌਲਾਂ ਦੀ ਛਹਿਬਰ ਲੱਗ ਗਈ। ਮੁਟਿਆਰਾਂ ਨੇ ਕਾਕੇ ਦੇ ਆਲੇ-ਦੁਆਲੇ ਘੇਰਾ ਘੱਤ ਲਿਆ। ਉਨ੍ਹਾਂ ਮੁਟਿਆਰਾਂ ਦੇ ਵਿਚਕਾਰ ਗੋਪਾਲੇ ਸੁਨਿਆਰ ਦੀ ਰੂਪਮਤੀ ਧੀ ਪਰਤਾਪੀ ਵੀ ਸੀ। ਸੁਨਿਆਰੀ ਪਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੁੰਧਿਆ ਦਿੱਤਾ। ਉਹ ਸੁਆਦ-ਸੁਆਦ ਹੋ ਉਠਿਆ। ਗੁੱਜਰ ਦਲੇਲ ਦੀ ਭੋਲੀ ਗੁਜਰੀ ਕਾਕੇ ਦੀ ਪਹਿਲਾਂ ਹੀ ਜਾਣੂੰ ਸੀ। ਉਸ ਮਸੀਂ ਮੁਟਿਆਰਾਂ ਪਾਸੋਂ ਉਹਦਾ ਖਹਿੜਾ ਛੁਡਾਇਆ। ਕਾਕੇ ਨੇ ਪਰਤਾਪੀ ਬਾਰੇ ਭੋਲੀ ਨਾਲ਼ ਗੱਲ ਕਰ ਲਈ।

ਮਹਿੰਦੀ ਰੱਤੇ ਹੱਥ ਫੇਰ ਹਰਕਤ ਵਿੱਚ ਆਏ। ਗਿੱਧਾ ਮੱਚ ਉਠਿਆ। ਸਾਰੇ ਵਾਯੂਮੰਡਲ ਵਿੱਚ ਲੋਕ ਬੋਲੀਆਂ ਦੀ ਮਿੱਠੀ ਸੁਗੰਧ ਖਿਲਰ ਗਈ। ਹਵਾ ਮਸਤ ਹੋ ਗਈ, ਇਸ਼ਕ ਫੁਆਰਾਂ ਵਹਿ ਟੁਰੀਆਂ। ਭੋਲੀ ਨੇ ਬੋਲੀ ਪਾਈ:

ਦਿਲ ਵਿੱਚ ਕਾਕਾ ਸੋਚਾਂ ਸੋਚਦਾ
ਜੇ ਮਛਲੀ ਬਣ ਜਾਵਾਂ
ਰਸ ਚੂਸਾਂ ਲਾਲ ਬੁੱਲ੍ਹੀਆਂ ਦਾ
ਭਰ-ਭਰ ਘੁੱਟ ਲੰਘਾਵਾਂ
ਹੋਵਾਂ ਕੁੜਤੀ ਲੱਗ ਜਾਂ ਕਾਲਜੇ
ਠੰਢ ਸੀਨੇ ਮੈਂ ਪਾਵਾਂ
ਫੁੱਲ ਬਣ ਡੋਰੀ ਦਾ———
ਪਿੱਠ 'ਤੇ ਮੇਲ੍ਹਦਾ ਆਵਾਂ

ਸ਼ਾਮਾਂ ਪੈ ਗਈਆਂ ਸਨ। ਹਿਰਨੀਆਂ ਦੀ ਡਾਰ ਪਿੰਡ ਨੂੰ ਪਰਤ ਪਈ। ਹਰ ਮੁਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਹੋਈ ਕਾਕੇ ਬਾਰੇ ਗੱਲਾਂ ਕਰ ਰਹੀ ਸੀ।

109/ਮਹਿਕ ਪੰਜਾਬ ਦੀ