ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੋਡਾ ਜਲਾਲੀ

ਰੋਡਾ ਜਲਾਲੀ ਹੁਸ਼ਿਆਰਪੁਰ ਦੇ ਇਲਾਕੇ ਦੀ ਪ੍ਰੀਤ ਕਹਾਣੀ ਹੈ। ਸਤਾਰ੍ਹਵੀਂ ਸਦੀ ਦੇ ਅੰਤ ਵਿੱਚ ਇਹ ਕਹਾਣੀ ਹੁਸ਼ਿਆਰਪੁਰ ਜ਼ਿਲੇ ਦੇ ਇਕ ਪਿੰਡ "ਲਾਲ ਸਿੰਗੀ" ਵਿੱਚ ਵਾਪਰੀ। ਕਿਸ਼ੋਰ ਚੰਦ ਅਤੇ ਬੂਟਾ ਗੁਜਰਾਤੀ ਨੇ ਇਸ ਬਾਰੇ ਦੇ ਕਿੱਸੇ ਜੋੜੇ ਹਨ। ਇਨ੍ਹਾਂ ਕਿੱਸਿਆਂ ਤੋਂ ਬਿਨਾਂ ਰੋਡਾ-ਜਲਾਲੀ ਬਾਰੇ ਪੰਜਾਬ ਦੀਆਂ ਔਰਤਾਂ ਕਈ ਇਕ ਲੋਕ ਗੀਤ ਵੀ ਗਾਉਂਦੀਆਂ ਹਨ।

ਬਲਖ ਬੁਖਾਰੇ ਦਾ ਜੰਮਪਲ ਆਪਣੀ ਮਾਂ ਦੀ ਮੌਤ ਦੇ ਵੈਰਾਗ ਵਿੱਚ ਫ਼ਕੀਰ ਹੋਇਆ ਰੋਡਾ ਪਾਕਪਟਣੋਂ ਹੁੰਦਾ ਹੋਇਆ ਹੁਸ਼ਿਆਰਪੁਰ ਜ਼ਿਲੇ ਦੇ ਇੱਕ ਪਿੰਡ ‘ਲਾਲ ਸਿੰਗੀ' ਆ ਪੁੱਜਾ। ਪਿੰਡ ਤੋਂ ਅੱਧ ਕੁ ਮੀਲ ਦੀ ਦੂਰੀ ਤੇ ਪੂਰਬ ਵੱਲ ਦੇ ਪਾਸੇ ਸੁਹਾਂ ਨਦੀ ਦੇ ਕੰਢੇ ਇਕ ਸ਼ਾਨਦਾਰ ਬਾਗ ਸੀ, ਉਸ ਬਾਗ ਵਿੱਚ ਇਸ ਫ਼ਕੀਰ ਨੇ ਜਾ ਡੇਰੇ ਲਾਏ।

ਫ਼ਰੀਕ ਇੱਕੀ ਬਾਈ ਵਰ੍ਹੇ ਦਾ ਸੁਨੱਖਾ ਜੁਆਨ ਸੀ। ਗੇਰੂਏ ਕੱਪੜੇ ਉਹਦੇ ਸਿਓ ਜਹੇ ਦਗ-ਦਗ਼ ਕਰਦੇ ਸਰੀਰ ਤੇ ਬਣ-ਬਣ ਪੈਂਦੇ ਸਨ। ਰੂਪ ਉਹਦਾ ਝਲਿਆ ਨਾ ਸੀ ਜਾਂਦਾ। ਇਕ ਅਨੋਖਾ ਜਲਾਲ ਉਹਦੇ ਮਸਤਕ ਤੇ ਟਪਕ ਰਿਹਾ ਸੀ, ਅੱਖੀਆਂ ਰੱਜ-ਰੱਜ ਜਾਂਦੀਆਂ ਸਨ।

ਪਿੰਡ ਵਿੱਚ ਨਵੇਂ ਫ਼ਕੀਰ ਦੀ ਆਮਦ ਦੀ ਚਰਚਾ ਸ਼ੁਰੂ ਹੋ ਗਈ, ਨਵੇਂ ਸ਼ਰਧਾਲੂ ਪੈਦਾ ਹੋ ਗਏ। ਬੜੀਆਂ ਪਿਆਰੀਆਂ ਕਰਾਮਾਤੀ ਕਥਾਵਾਂ ਉਸ ਬਾਰੇ ਘੜੀਆਂ ਜਾਣ ਲੱਗੀਆਂ। ਕਿਸੇ ਦੀ ਮੱਝ ਗੁਆਚ ਗਈ, ਰੋਡੇ ਮੰਤਰ ਪੜ੍ਹਿਆ, ਮੱਝ ਆਪਣੇ ਆਪ ਅਗਲੇ ਦੇ ਕੀਲੇ ਜਾ ਖੜੀ। ਕਿਸੇ ਦੀ ਗਊ ਨੇ ਦੁੱਧ ਨਾ ਦਿੱਤਾ, ਫ਼ਕੀਰ ਨੇ ਪੇੜਾ ਕੀਤਾ, ਗਊ ਧਾਰੀਂ ਪੈ ਗਈ। ਕਿਸੇ ਦਾ ਜੁਆਕ ਢਿੱਲਾ ਹੋ ਗਿਆ, ਰੋਡੇ ਝਾੜਾ ਝਾੜਿਆ, ਮੁੰਡਾ ਨੌਂ-ਬਰ-ਨੌਂ। ਇਸ ਪ੍ਰਕਾਰ ਰੋਡੇ ਫ਼ਕੀਰ ਦੀ ਮਹਿਮਾ ਘਰ-ਘਰ ਹੋਣ ਲੱਗ ਪਈ। ਪਿੰਡ ਦੇ ਲੋਕੀਂ ਅਪਾਰ ਸ਼ਰਧਾ ਨਾਲ ਰੋਡੇ ਨੂੰ ਪੂਜਣ ਲੱਗ ਪਏ। ਮਾਈਆਂ ਬਣ ਸੰਵਰ ਕੇ ਸੰਤਾਂ ਦੇ ਦਰਸ਼ਨਾਂ ਨੂੰ ਜਾਂਦੀਆਂ, ਆਪਣੇ ਮਨ ਦੀਆਂ ਮੁਰਾਦਾਂ ਲਈ ਰੋਡੇ ਪਾਸੋਂ ਅਸੀਸਾਂ ਮੰਗਦੀਆਂ, ਆਪਣੇ ਦੁੱਖ ਸੁੱਖ ਫੋਲਦੀਆਂ। ਰੋਡਾ ਬੜੇ ਧਿਆਨ ਨਾਲ਼ ਸੁਣਦਾ, ਸ਼ਹਿਦ ਜਹੇ ਮਿੱਠੇ ਬੋਲ ਬੋਲਦਾ, ਸਾਰਿਆਂ ਦੇ ਦਿਲ ਮੋਹੇ ਜਾਂਦੇ।

ਇਸੇ ਪਿੰਡ ਦੇ ਲੁਹਾਰਾਂ ਦੀ ਧੀ ਜਲਾਲੀ ਦੇ ਰੂਪ ਦੀ ਬੜੀ ਚਰਚਾ ਸੀ। ਕੋਈ ਗੱਭਰੂ ਅਜੇ ਤੀਕਰ ਉਹਨੂੰ ਜਚਿਆ ਨਹੀਂ ਸੀ, ਕਿਸੇ ਨੂੰ ਵੀ ਉਹ ਆਪਣੇ ਨੱਕ ਥੱਲੇ ਨਹੀਂ ਸੀ ਲਿਆਉਂਦੀ। ਸਾਰੇ ਜਲਾਲੀ ਨੂੰ ਪਿੰਡ ਦਾ ਸ਼ਿੰਗਾਰ ਸੱਦਦੇ ਸਨ, ਪਹਾੜਾਂ ਦੀ ਪਰੀ ਆਖਦੇ ਸਨ:——

116/ਮਹਿਕ ਪੰਜਾਬ ਦੀ